ਚੰਡੀਗੜ੍ਹ 5 ਸਤੰਬਰ ( ਖ਼ਬਰ ਖਾਸ ਬਿਊਰੋ)
ਅੱਜ ਸਾਰਾ ਦਿਨ ਮੀਡੀਆ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਬੀਮਾਰ ਹੋਣ, ਦੋ ਮੰਤਰੀਆਂ ਦੀਆਂ ਸੁਰੱਖਿਆ ਵਧਾਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਕਿਸੇ ਹੋਰ ਨੂੰ ਜੁੰਮਵਾਰੀ ਸੌਂਪਣ ਦੀਆਂ ਖ਼ਬਰਾਂ ਬਣੀਆਂ ਹੋਈਆਂ ਹਨ। ਹਰੇਕ ਚੈਨਲ ਅਤੇ ਮੀਡੀਆ ਨਾਲ ਜੁੜੇ ਸੰਸਥਾਵਾਂ ਵਲੋਂ ਇਹਨਾਂ ਖ਼ਬਰਾਂ ਨੂੰ ਚਲਾਇਆ ਜਾ ਰਿਹਾ ਹੈ।
ਕੈਬਨਿਟ ਦੀ ਮੀਟਿੰਗ ਮੁਅਤਲ ਹੋਣ ਬਾਅਦ ਇਹ ਖ਼ਬਰ ਸਾਹਮਣੇ ਆਈ ਕਿ ਮੁੱਖ ਮੰਤਰੀ ਦੀ ਸਿਹਤ ਹੋਰ ਵਿਗੜ ਗਈ ਹੈ, ਪਰ ਉਹ ਆਪਣੀ ਸਰਕਾਰੀ ਰਿਹਾਇਸ਼ ਵਾਲੇ ਘਰ ਵਿਚ ਹੀ ਹਨ। ਪਰ ਸ਼ਾਮ ਨੂੰ ਮੀਡੀਆ ਵਿਚ ਇਹ ਖ਼ਬਰ ਚੱਲ ਪਈ ਕਿ ਮੁੱਖ ਮੰਤਰੀ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੁਪਹਿਰ ਤੋਂ ਹੀ ਵੈਬ ਚੈਨਲਾਂ, ਕਈ ਵੈਬਸਾਈਟਾਂ ਉਤੇ ਇਹ ਵੀ ਖ਼ਬਰ ਚੱਲੀ ਕਿ ਦੋ ਮੰਤਰੀਆਂ ਤੇ ਇਕ ਵਿਧਾਇਕ ਜਿਹਨਾਂ ਵਿਚ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹਨਾਂ ਸਾਰੀਆਂ ਖ਼ਬਰਾਂ ਰਾਤ ਤੱਕ ਦੀ ਕਿਸੇ ਵੀ ਸਰਕਾਰੀ ਧਿਰ ਜਾਂ ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਨੇ ਕੋਈ ਪੁਸ਼ਟੀ ਨਹੀਂ ਕੀਤੀ।
ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਸਟੇਟ ਲੀਡਰਸ਼ਿਪ ਮਾਯੂਸੀ ਦੇ ਆਲਮ ਵਿਚ ਗੁਜ਼ਰ ਰਹੀ ਹੈ। ਅਤੀਤ ਵਿਚ ਕਈ ਅਜਿਹੇ ਫੈਸਲੇ ਲਏ ਗਏ ਜਿਸ ਨਾਲ ਸਰਕਾਰ ਦੀ ਕਿਰਕਰੀ ਹੋਈ ਅਤੇ ਸਰਕਾਰ ਨੂੰ ਇਹ ਫੈਸਲੇ ਵਾਪਸ ਲੈਣੇ ਪਏ। ਬਲਕਿ ਹਾਈਕੋਰਟ ਨੇ ਵੀ ਸਰਕਾਰ ਦੀ ਚੰਗੀ ਝਾੜਝੰਬ ਕੀਤੀ। ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ, ਲੈਂਡ ਪੂਲਿੰਗ ਪਾਲਸੀ ਸਮੇਤ ਅੱਧਾ ਦਰਜ਼ਨ ਦੇ ਕਰੀਬ ਫੈਸਲੇ ਸਰਕਾਰ ਨੂੰ ਵਾਪਸ ਲੈਣੇ ਪਏ ਹਨ। ਸੂਤਰ ਦੱਸਦੇ ਹਨ ਕਿ ਇਹਨਾਂ ਫੈਸਲਿਆਂ ਬਾਰੇ ਸੂਬੇ ਦੀ ਲੀਡਰਸ਼ਿਪ ਪਹਿਲਾਂ ਹੀ ਦੱਬੀ ਅਵਾਜ਼ ਵਿਚ ਵਿਰੋਧ ਕਰਦੀ ਰਹੀ ਹੈ, ਪਰ ਬਿੱਲੀ ਦੇ ਗਲ ਟੱਲੀ ਕੌਣ ਬੰਨੂ ਵਾਲੀ ਕਹਾਵਤ ਅਨੁਸਾਰ ਕੋਈ ਵੀ ਅੱਗੇ ਆਉਣ ਨੂੰ ਤਿਆਰ ਨਹੀਂ ਹੁੰਦਾ ਅਤੇ ਦਿੱਲੀ ਦਾ ਸਿੱਧੇ ਤੌਰ ਉਤੇ ਕੋਈ ਵਿਰੋਧ ਨਹੀਂ ਕਰ ਰਿਹਾ। ਪੰਜਾਬ ਦੀ ਅਫ਼ਸਰਸ਼ਾਹੀ, ਆਪ ਦੇ ਆਗੂ ਅਤੇ ਇੱਥੋ ਤੱਕ ਕਿ ਵਲੰਟੀਅਰਜ਼ ਵੀ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਦਿੱਲੀ ਦੀ ਦਖਲ ਅੰਦਾਜ਼ੀ ਵਧੇਰੇ ਹੈ। ਆਪ ਦੇ ਸਾਬਕਾ ਬੁਲਾਰੇ ਇਕਬਾਲ ਸਿੰਘ ਸਮੇਤ ਕੁਝ ਹੋਰਾਂ ਨੇ ਪਿਛਲੇ ਦਿਨ ਪਾਰਟੀ ਹਾਈਕਮਾਨ ਯਾਨੀ ਦਿੱਲੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਹੋਣ ਦਾ ਦੋਸ਼ ਲਾਇਆ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਸਿਹਤ ਕਦੋਂ ਖਰਾਬ ਹੋਈ। ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸੂਤਰ ਦੱਸਦੇ ਹਨ ਕਿ ਜਾਣਬੁੱਝ ਕੇ ਅਫ਼ਵਾਹਾਂ ਫੈਲਾਈਆ ਜਾ ਰਹੀਆਂ ਹਨ ਅਤੇ ਕਿਸੇ ਵੀ ਮੰਤਰੀ ਦੀ ਕੋਈ ਸੁਰੱਖਿਆ ਨਹੀਂ ਵਧਾਈ ਗਈ। ਦੱਸਿਆ ਜਾਂਦਾ ਹੈ ਕਿ ਕੁਝ ਖਾਸ ਬੰਦਿਆਂ ਵਲੋ ਹਿੰਦੀ ਤੇ ਪੰਜਾਬੀ ਵਿਚ ਪੁਆਇੰਟਰ ਲਿਖਕੇ ਕੁਝ ਖਾਸ ਚੈਨਲਾਂ ਨੂੰ ਭੇਜਿਆ ਜਾੰਦਾ ਹੈ ਫਿਰ ਉਹੀ ਭੇਡਚਾਲ ਬਣ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਟੀਵੀ ਚੈਨਲਾਂ ਨੂੰ ਭੇਜੇ ਜਾਂਦੀ ੂਬ੍ਰੇਕਿੰਗ ਨਿਊਜ਼ ਵਿਚ ਕੁਝ ਵੀ ਨਾ ਬਦਲਣ ਦੀ ਮਨਾਹੀ ਹੁੰਦੀ ਹੈ। ਇਸ ਕਰਕੇ ਬ੍ਰੇਕਿੰਗ ਨਿਊਜ ਵਿਚ ਕਈ ਵਾਰ ਸ਼ਬਦ ਵੀ ਗਲਤ ਲਿਖੇ ਪ੍ਰਸ਼ਾਰਿਤ ਕਰ ਦਿੱਤੇ ਜਾਂਦੇ ਹਨ।
ਸੂਤਰ ਦੱਸਦੇ ਹਨ ਕਿ ਆਪ ਵਿਚ ਫਿਲਹਾਲ ਸਭ ਕੁਝ ਅੱਛਾ ਹੈ, ਪਰ ਇਕ ਦੂਜੇ ਨੂੰ ਡਰਾਉਣ ਦੀ ਰਾਜਸੀ ਪ੍ਰੈਕਟਿਸ ਚੱਲ ਰਹੀ ਹੈ। ਇਹ ਦੋਵਾਂ ਪਾਸਿਓ ਚੱਲ ਰਹੀ ਹੈ। ਇਹ ਖਾਸ ਮੀਡੀਆ ਰਾਹੀਂ ਖ਼ਬਰਾਂ ਜਾਂ ਅਫਵਾਹਾਂ ਫੈਲਾਈਆ ਜਾ ਰਹੀਆਂ ਹਨ। ਇਸ ਬਜ਼ਾਰ ਵਿਚ ਅਫਵਾਹਾਂ ਦਾ ਬਜ਼ਾਰ ਗਰਮ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਇਹ ਗੱਲ-
ਮੁੱਖ ਮੰਤਰੀ ਦੇ ਬੀਮਾਰ ਹੋਣ ਦੀ ਖ਼ਬਰ ਨਸ਼ਰ ਹੋਣ ਬਾਅਦ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਐਕਸ ਉਤੇ ਜਾਣਕਾਰੀ ਸ਼ੇਅਰ ਕਰਦਿਆ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਗੰਭੀਰ ਹਨ। ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿਚ ਦਾਖਲ ਹਨ। ਲੋਕਾਂ ਵਿਚ ਚਿੰਤਾ ਹੈ ਅਤੇ ਸਰਕਾਰ ਵਲੋਂ ਕੋਈ ਸਥਿਤੀ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਦੀ ਸਿਹਤ ਬਾਰੇ ਨਿਯਮਿਤ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਵੇ।