ਜਥੇਦਾਰ ਸਾਹਿਬਾਨ ਨੂੰ ਸਰਕਾਰੀ ਰਿਹਾਇਸ਼ ਉਤੇ ਤਲਬ ਕਰਨ ਵਾਲਿਆਂ ਨੂੰ ਪੰਥ ਨਕਾਰ ਚੁੱਕਾ ਹੈ – ਰੱਖੜਾ
ਚੰਡੀਗੜ੍ਹ 23 ਅਗਸਤ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ , ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਵੱਲੋਂ ਅੱਜ ਬੜੀ ਸਪੱਸ਼ਟਤਾ ਨਾਲ ਇੱਕ ਧੜੇ ਦੇ ਆਗੂਆਂ ਵਲੋਂ ਲਗਾਏ ਇਲਜਾਮਾਂ ਦਾ ਜਵਾਬ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਵਾਲ ਕਰਨ ਵਾਲੇ ਧੜੇ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ, ਉਹ ਸਾਬਿਤ ਕਰ ਦੇਣ ਕਿ ਬਤੌਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਦੇ ਉਹਨਾਂ ਦੀ ਕਿਸੇ ਵੀ ਰਿਹਾਇਸ਼ ਤੇ ਆਏ ਹੋਣ। ਸਰਦਾਰ ਢੀਂਡਸਾ ਨੇ ਬਕਾਇਦਗੀ ਨਾਲ 17 ਮਈ 2025 ਦਾ ਜ਼ਿਕਰ ਕਰਦਿਆਂ ਕਿਹਾ ਕਿ, ਮਈ ਦੇ ਮਹੀਨੇ ਢੀਂਡਸਾ ਸਾਹਿਬ ਦੀ ਤਬੀਅਤ ਜਿਆਦਾ ਨਸਾਜ ਰਹੀ, 17 ਮਈ ਦੇ ਦਿਨ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਦਫ਼ਾ ਓਹਨਾ ਦੇ ਘਰ ਤਸ਼ਰੀਫ਼ ਢੀਂਡਸਾ ਸਾਹਿਬ ਦੀ ਸਿਹਤ ਦਾ ਹਾਲ ਜਾਨਣ ਲਈ ਆਏ, ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ, ਓਹਨਾ ਦੀ ਕਿਰਦਾਰਕੁਸ਼ੀ ਕਰਕੇ ਹਟਾ ਦਿੱਤਾ ਗਿਆ ਸੀ। ਮਈ ਦੇ ( ਇਹਨਾ ਦਿਨਾਂ ਵਿੱਚ) ਤੀਜੇ ਹਫਤੇ ਦੌਰਾਨ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਵੀ ਢੀਂਡਸਾ ਸਾਹਿਬ ਦੀ ਸਿਹਤ ਦਾ ਹਾਲ ਜਾਨਣ ਲਈ ਆਏ ਸਨ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵੱਡੇ ਢੀਂਡਸਾ ਸਾਹਿਬ ਦੀ ਆਖਰੀ ਸਾਹ ਤੱਕ ਕੋਸ਼ਿਸ ਰਹੀ ਕਿ ਪੰਥ ਨੂੰ ਇਕੱਠਾ ਕੀਤਾ ਜਾਵੇ, ਇਸ ਲਈ ਜਿੱਥੇ ਓਹਨਾਂ ਆਪਣੇ ਮਨ ਦੀ ਭਾਵਨਾ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਾਂਝਾ ਕੀਤੀ ਉਥੇ ਹੀ ਇਸ ਭਾਵਨਾ ਨੂੰ ਉਸੇ ਰੂਪ ਵਿੱਚ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਅਤੇ ਸਰਦਾਰ ਸੁਖਬੀਰ ਬਾਦਲ ਨਾਲ ਵੀ ਸਾਂਝਾ ਕੀਤੀ। ਪੰਥ ਇਕੱਠਾ ਹੋਵੇ, ਆਪਣੀ ਆਖਰੀ ਕੋਸ਼ਿਸ਼ ਨੂੰ ਦਿਲ ਵਿੱਚ ਵਸਾ ਕੇ ਦੁਨੀਆਂ ਤੋਂ ਰੁਖ਼ਸਤ ਹੋਏ ਢੀਂਡਸਾ ਸਾਹਿਬ ਨਾਲ ਪਰਿਵਾਰਕ ਮਿਲਣੀਆਂ ਨੂੰ ਗੁਆਚੀ ਹੋਈ ਸਿਆਸਤ ਲਈ ਵਰਤਣਾ ਗੈਰ ਇਖਲਾਕੀ ਹੈ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਧੜੇ ਵੱਲੋਂ ਸੰਗਤ ਨੂੰ ਪਰੋਸੇ ਜਾ ਰਹੇ ਝੂਠ ਤੇ ਬੜੀ ਸਪੱਸ਼ਟਤਾ ਨਾਲ ਕਿਹਾ ਕਿ, 10 ਜੁਲਾਈ ਤੋਂ ਬਣੀ ਅਤੇ 5 ਦਸੰਬਰ ਤੱਕ ਚੱਲੀ ਸੁਧਾਰ ਲਹਿਰ ਦੀ ਕਿਸੇ ਵੀ ਜਗ੍ਹਾ, ਕਿਸੇ ਵੀ ਦਿਨ, ਕਿਸੇ ਵੀ ਸਮੇਂ ਹੋਈ ਮੀਟਿੰਗ ਵਿੱਚ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਨਹੀਂ ਰਹੀ।
ਸੁਰਜੀਤ ਸਿੰਘ ਰੱਖੜਾ ਨੇ ਇੱਕ ਧੜੇ ਵਲੋਂ ਉਠਾਏ ਜਾ ਰਹੇ ਸਵਾਲਾਂ ਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਿਰ ਕਰਦੇ ਕਿਹਾ ਕਿ, ਜਿਹੜੇ ਲੋਕ ਆਪਣੀ ਸੱਤਾ ਦੇ ਨਸ਼ੇ ਵਿੱਚ ਸਿੰਘ ਸਾਹਿਬਾਨ ਨੂੰ ਸਰਕਾਰੀ ਕੋਠੀਆਂ ਵਿੱਚ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਦਾ ਦਬਾਅ ਬਣਾਉਂਦੇ ਰਹੇ, ਇਹ ਸਾਰੀਆਂ ਘਟਨਾਵਾਂ ਅੱਜ ਪੰਥ ਦੀ ਕਚਹਿਰੀ ਵਿੱਚ ਜੱਗ ਜ਼ਾਹਿਰ ਨੇ, ਓਹ ਪਰਿਵਾਰਕ ਮਿਲਣੀਆਂ ਅਤੇ ਸਮਾਜਿਕ ਰਿਸ਼ਤਿਆਂ ਦੀ ਮਿਲਣੀ ਵਿੱਚੋ ਆਪਣੀ ਗੁਆਚੀ ਹੋਈ ਸਿਆਸਤ ਤਲਾਸ਼ ਰਹੇ ਹਨ।
ਭਰਤੀ ਕਮੇਟੀ ਦੇ ਮੈਂਬਰ ਰਹੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਧੜੇ ਵੱਲੋਂ ਵਾਰ ਵਾਰ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੇ ਕਿਹਾ ਕਿ, ਪੰਥਕ ਏਕਤਾ ਤੋ ਘਬਰਾਇਆ ਹੋਇਆ ਧੜਾ ਆਪਣੀ ਖੋਹੀ ਜਾ ਚੁੱਕੀ ਸਿਆਸੀ ਜ਼ਮੀਨ ਨੂੰ ਪਚਾ ਨਹੀਂ ਰਿਹਾ। ਜੱਥੇਦਾਰ ਵਡਾਲਾ ਨੇ ਕਿਹਾ ਕਿ, ਦੋ ਦਸੰਬਰ ਦੇ ਹੁਕਮਨਾਮਾ ਸਾਹਿਬ ਤੋਂ ਆਕੀ ਅਤੇ ਬਾਗੀ ਹੋਇਆ ਧੜਾ, ਹੁਣ ਉਸੇ ਹੁਕਮਨਾਮਾ ਸਾਹਿਬ ਨੂੰ ਸਾਜਿਸ਼ ਕਰਾਰ ਤੱਕ ਦੇ ਰਿਹਾ ਹੈ। ਉਸ ਧੜੇ ਦੀ ਇਹ ਬੁਖਲਾਹਟ ਦੱਸਦੀ ਹੈ ਕਿ ਇਹਨਾਂ ਲੋਕਾਂ ਲਈ ਪੰਥਕ ਪ੍ਰੰਪਰਾਵਾਂ,ਪੰਥਕ ਮਰਿਯਾਦਾ ਦਾ ਕੋਈ ਸਤਿਕਾਰ ਨਹੀਂ ਹੈ।
ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ, ਅੱਜ ਪੰਥਕ ਸ਼ਕਤੀ ਤੋਂ ਘਬਰਾਇਆ ਧੜਾ ਅਤੇ ਉਸ ਦਾ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਮੌਕੇ ਗੋਲ ਦਸਤਾਰ ਤੇ ਸਵਾਲ ਕਰ ਰਿਹਾ ਹੈ। ਸਰਦਾਰ ਚੰਦੂਮਾਜਰਾ ਨੇ ਕਿਹਾ ਕਿ, ਇੱਕ ਸਿੱਖ ਲਈ ਦਸਤਾਰ ਉਸ ਦੀ ਸਿਰਫ ਪਛਾਣ ਨਹੀਂ, ਸਗੋ ਇੱਕ ਕੌਮ ਦੀ ਨਿਸ਼ਾਨੀ ਹੈ, ਦੁਨੀਆਂ ਭਰ ਵਿੱਚ ਜਿੱਥੇ ਵੀ ਦਸਤਾਰ ਦਾ ਮਸਲਾ ਉੱਠਿਆ, ਉਥੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਖਲ ਦੇ ਚਲਦੇ ਮਸਲੇ ਹੱਲ ਹੋਏ, ਪਰ ਅੱਜ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਕਹਿਣ ਵਾਲੇ ਲੋਕ ਦਸਤਾਰ ਤੇ ਸਵਾਲ ਖੜੇ ਕਰ ਰਹੇ ਹਨ।