ਚੰਡੀਗੜ੍ਹ, 21 ਅਗਸਤ (ਖ਼ਬਰ ਖਾਸ ਬਿਊਰੋ )
ਮੋਦੀ ਵਲੋਂ ਗਰੀਬਾਂ, ਬੇਰੋਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੰਜਾਬ ਚ ਪੂਰੀ ਤਰ੍ਹਾਂ ਲਾਗੂ ਕਰਵਾਉਣ ‘ਚ ਆਮ ਆਦਮੀ ਪਾਰਟੀ ਫੇਲ ਸਾਬਿਤ ਹੋਈ ਔਰ ਜਦ ਓਹੀ ਸਕੀਮਾਂ ਨੂੰ ਭਾਜਪਾ ਕਾਨੂਨੀ ਤਰੀਕੇ ਨਾਲ ਉਨ੍ਹਾਂ ਵਰਗਾਂ ਤੱਕ ਪਹੁੰਚਾ ਰਹੀ ਹੈ ਤਦ ਭਗਵੰਤ ਮਾਨ ਸਰਕਾਰ ਉਸ ਚ ਅੜੀਕਾ ਬਣ ਭਾਜਪਾ ਵਰਕਰ ਨੂੰ ਗਿਰਫਤਾਰ ਕਰ ਰਹੀ ਹੈ ਇਹ ਦੋਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਉਪਰੰਤ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਗਈਆਂ ਯੋਜਨਾਵਾਂ ਦਾ ਲਾਭ ਪੰਜਾਬੀਆਂ ਤੱਕ ਨਾ ਪਹੁੰਚੇ, ਇਸ ਲਈ ਸੂਬੇ ਵਿੱਚ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਨੂੰ ਧੱਕੇਸ਼ਾਹੀ ਨਾਲ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਚਾਹੇ ਉਹ ਗਰੀਬਾਂ ਲਈ ਸਿਹਤ ਸਹੂਲਤਾਂ ਹੋਣ ਜਾਂ ਕਿਸਾਨਾਂ ਤੇ ਮਹਿਲਾਵਾਂ ਲਈ ਸਹਾਇਤਾ, ਮਾਨ ਸਰਕਾਰ ਇਨ੍ਹਾਂ ਸਕੀਮਾਂ ਨੂੰ ਜਨਤਾ ਤੱਕ ਪਹੁੰਚਣ ਤੋਂ ਜ਼ਬਰਦਸਤੀ ਰੋਕ ਰਹੀ ਹੈ।
ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਡਾ ਸੁਭਾਸ਼ ਸ਼ਰਮਾ, ਅਨਿਲ ਸਰੀਨ, ਰਾਕੇਸ਼ ਰਾਠੌਰ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ, ਐਨ ਕੇ ਵਰਮਾ ਅਤੇ ਵਿਨੀਤ ਜੋਸ਼ੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਵੀ ਸੌਂਪਿਆ। ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਨੂੰ ਕੇਂਦਰ ਦੀਆਂ ਸੁਵਿਧਾਵਾਂ ਤੋਂ ਵਾਂਝਾ ਰੱਖਣ ਲਈ ਤਾਨਾਸ਼ਾਹੀ ਹਥਕੰਡੇ ਵਰਤ ਰਹੀ ਹੈ। ਜੋ ਸਰਕਾਰ ਆਪਣੇ ਹੀ ਲੋਕਾਂ ਨੂੰ ਸਿਹਤ ਕਾਰਡ, ਸਕਾਲਰਸ਼ਿਪ, ਕਿਸਾਨੀ ਸਹਾਇਤਾ ਤੋਂ ਰੋਕਦੀ ਹੈ, ਉਹ ਸਰਕਾਰ ਨਹੀਂ, ਲੋਕਾਂ ਦੇ ਸੁਪਨਿਆਂ ਦੀ ਕਾਤਲ ਹੈ।
ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗੀ। ਜੇਕਰ ਮਾਨ ਸਰਕਾਰ ਨੇ ਆਪਣੀ ਜ਼ਬਰਦਸਤੀ ਨਾ ਰੋਕੀ ਤਾਂ ਪੰਜਾਬ ਦੀ ਧਰਤੀ ਵੱਡੇ ਆੰਦੋਲਨ ਦੀ ਗਵਾਹ ਬਣੇਗੀ ਅਤੇ ਇਹ ਸਰਕਾਰ ਲੋਕਾਂ ਦੇ ਗੁੱਸੇ ਹੇਠ ਕੰਬਦੀ ਨਜ਼ਰ ਆਵੇਗੀ। ਸ਼ਰਮਾ ਦਾ ਕਹਿਣਾ ਸੀ ਕਿ ਰਾਜਪਾਲ ਨੇ ਭਾਜਪਾ ਵਲੋਂ ਉਠਾਏ ਗਏ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ।