ਚੰਡੀਗੜ੍ਹ 16 ਅਗਸਤ (ਖ਼ਬਰ ਖਾਸ ਬਿਊਰੋ)
ਜੱਜ ਦਾ ਨਾਮ ਉਤੇ ਰਿਸ਼ਵਤ ਮੰਗਣ ਵਾਲਾ ਇਕ ਵਕੀਲ ਅਤੇ ਵਿਚੋਲਾ ਸ਼ਲਾਖਾ ਪਿੱਛੇ ਪੁੱਜ ਗਿਆ ਹੈ। ਕੇਂਦਰੀ ਜਾਂਚ ਏਜੰਸੀ (CBI) ਨੇ ਟਰੈਪ ਲਗਾਕੇ ਬਠਿੰਡਾ ਦੇ ਇਕ ਜੱਜ ਦੇ ਨਾਮ ਉਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਵਕੀਲ ਜਤਿਨ ਸਲਵਾਨ ਤੇ ਉਸਦੇ ਸਾਥੀ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਨੇ ਦੋਵਾਂ ਨੂੰ ਚੰਡੀਗੜ੍ਹ ਦੇ ਸੈਕਟਰ 9 ਤੋ ਟਰੈਪ ਲਗਾਕੇ ਗ੍ਰਿਫ਼ਤਾਰ ਕੀਤਾ ਹੈ। ਵਕੀਲ ਜਤਿਨ ਸਲਵਾਨ ਸੈਕਟਰ 15 ਚੰਡੀਗੜ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜਦਕਿ ਉਸਦਾ ਸਾਥੀ ਸਤਨਾਮ ਸਿੰਘ ਪ੍ਰਾਪਰਟੀ ਡੀਲਰ ਦੱਸਿਆ ਜਾਂਦਾ ਹੈ।
ਇਸ ਕੰਮ ਲਈ ਮੰਗ ਸੀ ਰਿਸ਼ਵਤ
ਸੀਬੀਆਈ (CBI) ਦੇ ਅਨੁਸਾਰ ਵਕੀਲ ਨੇ ਤਲਾਕ ਦੇ ਇੱਕ ਮਾਮਲੇ ਵਿੱਚ ਰਿਸ਼ਵਤ ਮੰਗੀ ਸੀ। ਹਰਸਿਮਰਨਜੀਤ ਸਿੰਘ ਨਿਵਾਸੀ ਫਿਰੋਜਪੁਰ ਨੇ ਸੀਬੀਆਈ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਸਦੀ ਭੈਣ ਦੇ ਤਲਾਕ ਦਾ ਕੇਸ ਬਠਿੰਡਾ ਦੀ ਇਕ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਕੀਲ ਨੇ ਫੈਸਲਾ ਆਪਣੇ ਹੱਕ ਵਿੱਚ ਕਰਵਾਉਣ ਲਈ 30 ਲੱਖ ਰੁਪਏ ਦੀ ਮੰਗ ਕੀਤੀ। ਹਰਸਿਮਰਨਜੀਤੀ ਸਿੰਘ ਨੂੰ ਸ਼ੱਕ ਹੋਇਆ ਅਤੇ ਉਸਨੇ ਇਸਦੀ ਜਾਣਕਾਰੀ CBI ਨੂੰ ਦੇ ਦਿੱਤੀ।
ਸ਼ਿਕਾਇਤ ਦੇ ਆਧਾਰ ਉਤੇ ਸੀਬੀਆਈ ਨੇ ਵਕੀਲ ਨੂੰ ਫੜਨ ਲਈ ਟਰੈਪ ਲਗਾਇਆ ਅਤੇ ਸੈਕਟਰ 9 ਦੇ ਇੱਕ ਕੈਫੇ ਵਿੱਚੋ ਸੀਬੀਆਈ ਨੇ ਉਨ੍ਹਾਂ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ 4 ਲੱਖ ਰੁਪਏ ਸਮੇਤ ਹਿਰਾਸਤ ਵਿਚ ਲੈ ਲਿਆ। ਸੀਬੀਆਈ ਨੇ ਵਕੀਲ ਕੋਲੋ ਇਕ ਰਿਕਾਰਡਿੰਗ ਬਰਾਮਦ ਕੀਤੀ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਸੀਬੀਆਈ ਬਠਿੰਡਾ ਵਿਖੇ ਤਾਇਨਾਤ ਜੱਜ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।