ਚੰਡੀਗੜ੍ਹ, 11 ਅਗਸਤ (ਖ਼ਬਰ ਖਾਸ ਬਿਊਰੋ)
ਪੰਜਬ ਸਰਕਾਰ ਵੱਲੋਂ ਸੋਮਵਾਰ ਨੂੰ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਦੇ ਫੈਸਲੇ ‘ਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਲਈ ਪਾਲਿਸੀ ਤੋਂ ਵੱਧ ਆਪਣੇ ਕਿਸਾਨਾਂ ਦੀ ਖੁਸ਼ੀ ਅਤੇ ਉਨ੍ਹਾਂ ਦੀ ਸੰਤੁਸ਼ਟੀ ਜ਼ਿਆਦਾ ਮਹੱਤਵਪੂਰਨ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਹਿਤੈਸ਼ੀ ਪਾਰਟੀ ਰਹੀ ਹੈ। ਕਿਸਾਨਾਂ ਦੇ ਫਾਇਦੇ ਲਈ ਹੀ ‘ਆਪ’ ਸਰਕਾਰ ਪੰਜਾਬ ਵਿੱਚ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ, ਪਰ ਇਹ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਲਈ ਅਸੀਂ ਬਿਨਾਂ ਦੇਰ ਕੀਤਿਆਂ ਇਹ ਪਾਲਿਸੀ ਵਾਪਸ ਲੈ ਲਈ। ਸਾਡਾ ਮਕਸਦ ਕਿਸਾਨਾਂ ਦਾ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਕਿਸਾਨ ਪਰਿਵਾਰ ਤੋਂ ਹਨ। ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਸਫਲ ਯਤਨ ਕੀਤਾ ਹੈ। ਉੱਥੇ ਹੀ ਪਹਿਲਾਂ ਜੋ ਖੇਤੀ ਲਈ 8 ਘੰਟੇ ਬਿਜਲੀ ਰਾਤ ਅਤੇ ਦਿਨ ਦੋਵੇਂ ਸਮੇਂ ਆਉਂਦੀ ਸੀ, ਅਸੀਂ ਉਸਨੂੰ ਸਿਰਫ ਦਿਨ ਵਿੱਚ ਕੀਤਾ, ਤਾਂ ਜੋ ਕਿਸਾਨਾਂ ਨੂੰ ਰਾਤ ਦੀਆਂ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲੇ।
ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਕਿਸਾਨਾਂ ਦੀ ਪ੍ਰਤੀਕਿਰਿਆ ਦੇਖਣ ਤੋਂ ਬਾਅਦ ਅਸੀਂ ਇਹ ਨੋਟੀਫਿਕੇਸ਼ਨ ਰੱਦ ਕਰਨ ਦਾ ਫੈਸਲਾ ਕੀਤਾ। ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਦੀ ਕੋਈ ਯੋਜਨਾ ਕਾਰਨ ਸਾਡੇ ਕਿਸਾਨਾਂ ਨੂੰ ਕੋਈ ਤਕਲੀਫ਼ ਹੋਵੇ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਡਟ ਕੇ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ।