ਚੰਡੀਗੜ੍ਹ 2 ਅਗਸਤ ( ਖ਼ਬਰ ਖਾਸ ਬਿਊਰੋ)
ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਅਕਾਲੀ ਆਗੂ ਤੇ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਘਰ ਸ਼ਨਿੱਚਰਵਾਰ ਸਵੇਰੇ ਵਿਜੀਲੈਂਸ ਨੇ ਦਸਤਕ ਦੇ ਦਿੱਤੀ। ਵਿਜੀਲੈਂਸ ਨੇ ਇਸ ਛਾਪੇਮਾਰੀ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਜਾਂਚ ਦਾ ਹਿੱਸਾ ਦੱਸਿਆ ਹੈ, ਜਦਕਿ ਭਾਜਪਾ ਨੇ ਇਸਨੂੰ ਬਦਲਾਖੋਰੀ ਦੀ ਕਾਰਵਾਈ ਦੱਸਿਆ ਹੈ। ਸਿਆਸੀ ਹਲਕਿਆਂ ਖਾਸਕਰਕੇ ਲੋਕਾਂ ਵਿਚ ਵੀ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਸੂਬਾ ਸਰਕਾਰ ਦੀ ਸਿਆਸੀ ਬਦਲਾਖੋਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਰਣਜੀਤ ਸਿੰਘ ਗਿੱਲ ਸੁੱਕਰਵਾਰ ਰਾਤ ਨੂੰ ਭਾਜਪਾ ਵਿਚ ਸ਼ਾਮਲ ਹੋਏ ਸਨ। ਐਨੀ ਕਾਹਲੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਸਰਕਾਰ ਜਾਂ ਵਿਜੀਲੈਂਸ ਕੋਲ ਕੋਈ ਜਾਣਕਾਰੀ ਸੀ ਤਾਂ ਐਨੀ ਦੇਰ ਕਿਉਂ ਕੀਤੀ। ਵਿਜੀਲੈਂਸ ਵਲੋਂ ਜਾਰੀ ਪ੍ਰੈ੍ਸ ਬਿਆਨ ਅਨੁਸਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਫਲਾਇੰਗ ਸਕੁਐਡ ਮੋਹਾਲੀ ਵਿਖੇ ਦਰਜ ਐੱਫਆਈਆਰ ਨੰਬਰ 22 ਮਿਤੀ 25-06-2025 ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਵਿਜੀਲੈਂਸ ਨੇ ਗਿਲਕੋ ਡਿਵੈਲਪਰਾਂ ਨਾਲ ਜੁੜੀਆਂ ਤਿੰਨ ਜਾਇਦਾਦਾਂ ’ਤੇ ਛਾਪੇਮਾਰੀ ਅਤੇ ਤਲਾਸ਼ੀ ਕੀਤੀ ਗਈ।
ਤਲਾਸ਼ੀ ਦੌਰਾਨ, ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਇਕਾਈਆਂ ਵਿਚਕਾਰ ਕਰੋੜਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦੇ ਵੇਰਵਿਆਂ ਦਾ ਖੁਲਾਸਾ ਕੀਤਾ ਹੈ। ਇਸ ਸਬੰਧ ਵਿਚ ਹੋਰ ਜਾਂਚ ਜਾਰੀ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਗਈ। ਉਨ੍ਹਾਂ ਅੱਗੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ, ਗਿਲਕੋ ਡਿਵੈਲਪਰਾਂ ਅਤੇ ਕੁਝ ਇਕਾਈਆਂ ਵਿਚਕਾਰ ਕੁਝ ਸ਼ੱਕੀ ਵਿੱਤੀ ਸਬੰਧ ਅਤੇ ਲੈਣ-ਦੇਣ ਸਾਹਮਣੇ ਆਏ ਸਨ। ਇਨ੍ਹਾਂ ਦੀ ਬਾਰੀਕਬੀਨੀ ਨਾਲ ਜਾਂਚ ਕੀਤੀ ਗਈ । ਇਨ੍ਹਾਂ ਲੈਣ-ਦੇਣਾਂ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਅਤੇ ਸੰਬੰਧਿਤ ਸਬੂਤ ਇਕੱਠੇ ਕਰਨ ਲਈ, ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਅਨੁਸਾਰ ਇਹ ਤਲਾਸ਼ੀਆਂ ਲਈਆਂ ਹਨ।
ਚੱਲ ਰਹੀਆਂ ਤਲਾਸ਼ੀਆਂ ਵਿੱਚ ਕਈ ਦੋਸ਼ਪੂਰਨ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਸਬੂਤ ਜ਼ਬਤ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਕਾਰਵਾਈਆਂ ਕਾਨੂੰਨੀ ਪ੍ਰਕਿਰਿਆਵਾਂ ਦੇ ਅਨੁਸਾਰ ਸਖ਼ਤੀ ਨਾਲ ਕੀਤੀਆਂ ਗਈਆਂ ਸਨ ਅਤੇ ਤਲਾਸ਼ੀ ਅਜੇ ਵੀ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਉਪਰੋਕਤ ਤਲਾਸ਼ੀ ਦੌਰਾਨ ਇਲੈਕਟ੍ਰਾਨਿਕ ਯੰਤਰ ਅਤੇ ਸੰਬੰਧਿਤ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।
ਸਿਆਸੀ ਬਦਲਾਖੋਰੀ ਤਹਿਤ ਹੋਈ ਵਿਜੀਲੈਂਸ ਰੇਡ – ਸ਼ਰਮਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਦਮੀ ਪਾਰਟੀ ਵੱਲੋਂ ਰਣਜੀਤ ਸਿੰਘ ਗਿੱਲ ਤੇ ਪਿਛਲੇ 15 ਦਿਨ ਤੋਂ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਪਰ ਜਦੋਂ ਰਣਜੀਤ ਸਿੰਘ ਗਿੱਲ ਆਪ ਪਾਰਟੀ ਨਾਲ ਸਹਿਮਤ ਨਾ ਹੋਏ ਅਤੇ ਦੇਸ਼ ਦੇ ਵਿਕਾਸ ਨੂੰ ਦੇਖਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋ ਗਏ ਤਾਂ ਆਪ ਪਾਰਟੀ ਨੇ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਵਿਜੀਲੈਂਸ ਦੀ ਰੇਡ ਕਰਵਾਈ ਹੈ ।
ਗਿੱਲ ਵੱਲੋਂ ਭਾਜਪਾ ਜੁਆਇਨ ਕਰਦੇ ਹੀ 12 ਘੰਟੇ ਚ ਵਿਜੀਲੈਂਸ ਦੀ ਰੇਡ ਦਾ ਮਤਲਬ ਆਪ ਪਾਰਟੀ ਨੇ ਪੰਜਾਬ ਚ ਭਾਜਪਾ ਨੂੰ 2027 ਚ ਆਪਣਾ ਬਦਲ ਮੰਨ ਲਿਆ ਹੈ ।ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਤੇ ਆਪ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਕਦੇ ਕਿਸੇ ਤੋਂ ਨਹੀਂ ਡਰਦੇ। ਹੁਣ ਪੰਜਾਬੀਆਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਕੇਜਰੀਵਾਲ ਤੇ ਸਿਸੋਦੀਆ ਚਲਾ ਰਹੇ ਹਨ, ਜੋ ਪੰਜਾਬ ਨੂੰ ਲੁੱਟਣ ਦਾ ਕੰਮ ਕਰ ਰਹੇ ਨੇ।
ਮੈਨੂੰ ਡਰਾਉਣ ਲਈ ਕੀਤੀ ਕਾਰਵਾਈ -ਗਿੱਲ –
ਭਾਜਪਾ ਵਿਚ ਸਾਮਲ ਹੋਏ ਰਣਜੀਤ ਸਿੰਘ ਗਿੱਲ ਨੇ ਛਾਪੇਮਾਰੀ ਨੂੰ ਆਪ ਸਰਕਾਰ ਦੀ ਬਦਲਾਖੋਰੀ ਦ੍ੱਸਿਆ ਹੈ। ਮੈਨੂੰ ਡਰਾਉਣ ਪ੍ਰੇਸ਼ਾਨ ਕਰਨ ਲਈ ਮੇਰੇ ਉੱਪਰ ਕਾਰਵਾਈ ਕਰਨ ਦੀ ਕੋਸ਼ਿਸ਼। ਲੋਕਤੰਤਰ ਵਿੱਚ ਕਿਸੇ ਵੀ ਪਾਰਟੀ ਵਿਚ ਸ਼ਾਮਿਲ ਹੋਣਾ ਹਰ ਨਾਗਰਿਕ ਦਾ ਸੰਵਿਧਾਨਿਕ ਹੱਕ। ਪੰਜਾਬ ਦੇ ਹੱਕ ਭਾਜਪਾ ਨਾਲ ਸੁਰੱਖਿਅਤ। ਮੈਨੂੰ ਅਦਾਲਤ ਉੱਪਰ ਇਨਸਾਫ਼ ਦਾ ਪੂਰਾ ਭਰੋਸਾ।
ਸੁਨੀਲ ਜਾਖੜ ਨੇ ਇਹ ਕਿਹਾ
ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਖੁਦ ਭੂ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ। ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ ਜਿੱਥੇ ਸਰਕਾਰ ਦੀ ਮਨਸ਼ਾ ਉਜਾਗਰ ਕਰਦੇ ਹਨ, ਉਥੇ ਹੀ ਇਹ ਲੋਕਤੰਤਰ ਦੇ ਬਿਲਕੁਲ ਖਿਲਾਫ ਹੈ।
