ਮਸਲਾ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਦਾ,ਅਜ਼ਾਦੀ ਦਿਵਸ ਉਤੇ ਬਸਪਾ ਮਨਾਏਗੀ ਗੁਲਾਮੀ ਦਿਵਸ, ਕਰੇਗੀ ਰੋਸ ਮੁਜ਼ਾਹਰਾ

ਬੀਐਸਪੀ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ 3 ਅਗਸਤ ਨੂੰ ਚੰਡੀਗੜ੍ਹ ‘ਚ ਕਰਨਗੇ ਸਮੀਖਿਆ ਮੀਟਿੰਗ: ਕਰੀਮਪੁਰੀ

ਚੰਡੀਗੜ੍ਹ 31 ਜੁਲਾਈ ( ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਦੱਸਿਆ ਕਿ ਪਾਰਟੀ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਆਗਾਮੀ 3 ਅਗਸਤ ਐਤਵਾਰ ਨੂੰ ਚੰਡੀਗੜ੍ਹ ਵਿਖੇ ਪਹੁੰਣਗੇ ਅਤੇ ਤਿੰਨ ਸੂਬਿਆਂ ਵਿੱਚ ਪਾਰਟੀ ਸੰਗਠਨ ਦੀ ਮਜ਼ਬੂਤੀ ਸਬੰਧੀ ਸਮੀਖਿਆ ਮੀਟਿੰਗ ਕਰਨਗੇ। ਸ੍ਰੀ ਅਵਤਾਰ ਸਿੰਘ ਕਰੀਮਪੁਰੀ ਜੋ ਬੀਐਸਪੀ ਚੰਡੀਗੜ੍ਹ ਦੇ ਇੰਚਾਰਜ ਵੀ ਹਨ, ਨੇ ਕਿਹਾ ਕਿ ਇਹ ਸਮਾਗਮ ਚੰਡੀਗੜ੍ਹ ਸੈਕਟਰ 29 ਸਥਿਤ ਦੇਸ਼ ਸੇਵਕ ਹਾਲ ਵਿੱਚ ਹੋਵੇਗਾ ਜਿੱਥੇ ਸ੍ਰੀ ਆਕਾਸ਼ ਆਨੰਦ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਬੀਐਸਪੀ ਸੰਗਠਨ ਦੀ ਸਮੀਖਿਆ ਕਰਨਗੇ ਅਤੇ ਨਾਲ ਹੀ ਉਹ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਸੰਵਾਦ ਵੀ ਰਚਾਉਣਗੇ।

ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਦਲਿਤ ਭਾਈਚਾਰੇ ਨਾਲ ਸਰਕਾਰ ਵੱਲੋਂ ਕੀਤੀ ਗਈ ਵਧੀਕੀ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਆਗਾਮੀ ਆਜ਼ਾਦੀ ਦਿਹਾੜੇ 15 ਅਗਸਤ ਨੂੰ ਪਟਿਆਲਾ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕਰੇਗੀ। ਉਹਨਾਂ ਦੋਸ਼ ਲਾਇਆ ਕਿ ਪਟਿਆਲਾ ਪ੍ਰਸ਼ਾਸਨ ਨੇ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚ 35 ਏਕੜ ਦਲਿਤਾਂ ਦੇ ਹਿੱਸੇ ਦੀ ਬਣਦੀ ਜਮੀਨ ਦੀ ਬੋਲੀ ਕਰਵਾ ਕੇ ਅਤੇ ਉਹਨਾਂ ਤੋਂ 11 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਜਮੀਨ ਦਾ ਕਬਜ਼ਾ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ ਗਿਆ। ਇਸ ਕਾਰਵਾਈ ਦਾ ਬਹੁਜਨ ਸਮਾਜ ਪਾਰਟੀ ਸਖਤ ਵਿਰੋਧ ਕਰਦੀ ਹੈ ਅਤੇ ਇਸ ਖਿਲਾਫ ਆਜ਼ਾਦੀ ਦਿਹਾੜੇ ਮੌਕੇ ਪਟਿਆਲੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਕਿਉਂਕਿ ਇਸ ਦੇਸ਼ ਵਿੱਚ ਦਲਿਤਾਂ, ਮਜ਼ਦੂਰਾਂ, ਗਰੀਬਾਂ ਤੇ ਆਮ ਲੋਕਾਂ ਨੂੰ ਹਾਲੇ ਵੀ ਆਜ਼ਾਦੀ ਹਾਸਲ ਨਹੀਂ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬੀਤੀ 27 ਜੁਲਾਈ ਐਤਵਾਰ ਨੂੰ ਸ੍ਰੀ ਆਕਾਸ਼ ਆਨੰਦ ਨੇ ਬੀਐਸਪੀ ਪੰਜਾਬ ਦੇ ਜਲੰਧਰ ਸਥਿਤ ਮੁੱਖ ਦਫਤਰ ਵਿਖੇ ਪੰਜਾਬ ਅਤੇ ਜੰਮੂ ਕਸ਼ਮੀਰ ਸੂਬਿਆਂ ਦੇ ਪਾਰਟੀ ਸੰਗਠਨ ਸਬੰਧੀ ਸਮੀਖਿਆ ਮੀਟਿੰਗ ਕੀਤੀ ਸੀ। ਉਹਨਾਂ ਕਿਹਾ ਕਿ 3 ਅਗਸਤ ਦੀ ਮੀਟਿੰਗ ਵਿੱਚ ਸ੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦੋਂ ਕਿ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਹਨਾਂ ਕਿਹਾ ਕਿ ਪਾਰਟੀ ਵੱਲੋਂ ਬੀਐਸਪੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ 15 ਮਾਰਚ ਤੋਂ ਸੂਬੇ ਵਿੱਚ “ਪੰਜਾਬ ਸੰਭਾਲੋ ਮੁਹਿੰਮ” ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪਾਰਟੀ ਨੇ ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੇ ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਉਠਾਇਆ ਹੈ। ਉਹਨਾਂ ਕਿਹਾ ਕਿ ਅੱਜ ਲੋੜ “ਰਿਲੇਸ਼ਨ ਬਚਾਉਣ ਦੀ ਨਹੀਂ ਸਗੋਂ ਜਨਰੇਸ਼ਨ ਬਚਾਉਣ” ਦੀ ਹੈ, ਕਿਉਂਕਿ ਸੂਬੇ ਵਿੱਚ ਹੁਣ ਤੱਕ ਦੀਆਂ ਰਹੀਆਂ ਵੱਖ ਵੱਖ ਹਾਕਮ ਪਾਰਟੀਆਂ ਨੇ ਪੰਜਾਬ ਤੇ ਇਸ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਹਨਾਂ ਕਿਹਾ ਕਿ ਸੂਬੇ ਦੇ ਹਾਕਮ ਨਸ਼ੇ ਕਾਰਨ ਪੰਜਾਬ ਵਿੱਚ ਹੋਈਆਂ ਲੱਖਾਂ ਨੌਜਵਾਨਾਂ ਦੀਆਂ ਮੌਤਾਂ ਲਈ ਜਿੰਮੇਵਾਰ ਹਨ, ਜਿਹੜੇ ਇੱਕ ਤਰ੍ਹਾਂ ਡਰੱਗ ਮਾਫੀਆ ਰਾਹੀਂ ਸੂਬੇ ਦੀ ਨੌਜਵਾਨੀ ਦੀਆਂ ਕਬਰਾਂ ਪੁੱਟ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਾਕਮਾਂ ਨੂੰ ਸਿਰਫ ਸਰਮਾਏਦਾਰਾਂ ਦੀ ਫਿਕਰ ਹੈ ਆਮ ਆਦਮੀ ਦੀ ਕੋਈ ਫਿਕਰ ਨਹੀਂ ਹੈ। ਇਸੇ ਤਹਿਤ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਇੱਕੋ ਇੱਕ ਮਕਸਦ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣਾ ਹੈ ਅਤੇ ਕਿਸਾਨਾਂ ਦੀ ਜਮੀਨਾਂ ਖੋਹ ਕੇ ਉਹਨਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਕਰਵਾਉਣਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਅਜਿਹੇ ਨਾਪਾਕ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ ਅਤੇ ਇਸ ਖਿਲਾਫ ਪਾਰਟੀ ਨੇ ਜੋਰਦਾਰ ਮੁਹਿੰਮ ਵਿੱਢੀ ਹੋਈ ਹੈ ਅਤੇ ਆਗਾਮੀ 2027 ਵਿੱਚ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਸੂਬੇ ਦੇ ਹਾਲਾਤ ਨੂੰ ਆਮ ਇਨਸਾਨ ਲਈ ਬਿਹਤਰ ਬਣਾਵੇਗੀ। ਇਸ ਮੌਕੇ ਉਹਨਾਂ ਨਾਲ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਰਭਜਨ ਸਿੰਘ ਠੇਕੇਦਾਰ, ਚੰਡੀਗੜ੍ਹ ਬਸਪਾ ਦੇ ਮੀਤ ਪ੍ਰਧਾਨ ਡਾ. ਨਿਰਮਲ ਸਿੰਘ ਬੀਕਾ, ਸੁਰਿੰਦਰ ਸਿੰਘ ਖੁੱਡਾ ਤੇ ਹੋਰ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *