ਜਲੰਧਰ 30 ਜੁਲਾਈ (ਖ਼ਬਰ ਖਾਸ ਬਿਊਰੋ)
ਆਦਮਪੁਰ ਹਲਕੇ ਦੇ ਇੰਚਾਰਜ ਅਤੇ ਪੰਜਾਬ ਰਾਜ ਖੇਤੀਬਾੜੀ ਵਿਭਾਗ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਅਤੇ ਆਪ ਸਾਂਸਦਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਮਾਲਵਿੰਦਰ ਸਿੰਘ ਕੰਗ, ਡਾ. ਰਾਜਕੁਮਾਰ ਚਬੇਵਾਲ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਆਦਮਪੁਰ ਫਲਾਈਓਵਰ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਪਵਨ ਟੀਨੂੰ ਨੇ ਕਿਹਾ ਕਿ ਆਦਮਪੁਰ ਫਲਾਈਓਵਰ ਦਾ ਕੰਮ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ 2019 ਵਿੱਚ ਸ਼ੁਰੂ ਹੋਇਆ ਸੀ ਅਤੇ 2020 ਵਿੱਚ ਫਲਾਈਓਵਰ ਦਾ ਕੰਮ ਕੁਝ ਕੋਵਿਡ ਅਤੇ ਪਿਛਲੀ ਕਾਂਗਰਸ ਸਰਕਾਰ ਦੀਆਂ ਕੁਝ ਢਿੱਲੀਆਂ ਨੀਤੀਆਂ ਕਾਰਨ ਬੰਦ ਹੋ ਗਿਆ ਸੀ। ਇਹ ਫਲਾਈਓਵਰ ਜਲੰਧਰ ਤੋਂ ਹੁਸ਼ਿਆਰਪੁਰ ਤੱਕ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਚਾਰ ਮਾਰਗੀ ਲਈ ਲੋੜੀਂਦੀ ਸੜਕ ਦੀ ਚੌੜਾਈ ਹੁਣ ਤੱਕ ਪੂਰੀ ਹੋ ਗਈ ਹੈ। ਪਰ ਕਿਸੇ ਕਾਰਨ ਕਰਕੇ ਹੁਸ਼ਿਆਰਪੁਰ ਵਿੱਚ ਸੜਕ ਦੀ ਚੌੜਾਈ ਲਈ ਜ਼ਮੀਨ ਉਪਲਬਧ ਨਹੀਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਮਾਣਯੋਗ ਨਿਤਿਨ ਗਡਕਰੀ ਨੂੰ ਬੇਣਤੀ ਕੀਤੀ ਹੈ ਕਿ ਆਦਮਪੁਰ ਵਿੱਚ ਏਅਰ ਫੋਰਸ ਬੇਸ ਕੈਂਪ ਹੈ, ਜਿੱਥੋਂ ਦੇਸ਼ ਦੀ ਰੱਖਿਆ ਕੀਤੀ ਜਾਂਦੀ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਵੀ ਆਦਮਪੁਰ ਬੇਸ ਕੈੰਪ ਤੋਂ ਸੁਰੱਖਿਆ ਦਾ ਕੰਮ ਕੀਤਾ ਗਿਆ ਸੀ। ਇੱਥੇ ਇੱਕ ਸਿਵਲ ਹਵਾਈ ਅੱਡਾ ਵੀ ਹੈ, ਜਿੱਥੇ ਬਹੁਤ ਸਾਰੇ ਲੋਕ ਜਹਾਜ਼ ਰਾਹੀਂ ਯਾਤਰਾ ਕਰਦੇ ਹਨ। ਲੋਕ ਇੱਥੋਂ ਧਾਰਮਿਕ ਯਾਤਰਾਵਾਂ ‘ਤੇ ਜਾਂਦੇ ਹਨ। ਇਸ ਤੋਂ ਇਲਾਵਾ, ਇਹ ਸੜਕ ਹਿਮਾਚਲ ਨੂੰ ਵੀ ਜੋੜਦੀ ਹੈ।
ਉਹਨਾਂ ਨੇ ਕਿਹਾ ਕਿ ਅਸੀਂ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਕਾਰਨ ਕਰਕੇ ਹੁਸ਼ਿਆਰਪੁਰ ਤੋਂ ਸੜਕ ਦੀ ਚੌੜਾਈ ਪੂਰੀ ਨਹੀਂ ਹੋ ਰਹੀ ਹੈ, ਤਾਂ ਘੱਟੋ ਘੱਟ ਇਸ ਫਲਾਈਓਵਰ ਦਾ ਐਸਟੀਮੇਟ ਲਗਵਾ ਕੇ ਜਲੰਧਰ ਤੋਂ ਦੁਬਾਰਾ ਕੰਮ ਸ਼ੁਰੂ ਕਰਨ ਦੀ ਆਗਿਆ ਦਿਓ। ਫਲਾਈਓਵਰ ਨਾ ਬਣਨ ਕਾਰਨ ਲੋਕ ਬਹੁਤ ਪਰੇਸ਼ਾਨ ਹਨ।
ਟੀਨੂੰ ਨੇ ਕਿਹਾ ਕਿ ਮਾਣਯੋਗ ਗਡਕਰੀ ਜੀ ਨੇ ਭਰੋਸਾ ਦਿੱਤਾ ਹੈ ਕਿ ਇਸ ਮੁੱਦੇ ‘ਤੇ ਜਲਦੀ ਹੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਜਾਵੇਗੀ।