ਸ਼੍ਰੋਮਣੀ ਅਕਾਲੀ ਦਲ ਕੇਜਰੀਵਾਲ ਦੀ ਜ਼ਮੀਨ ਹੜੱਪ ਕਰਨ ਦੀ ਸਕੀਮ ਵਿਰੁੱਧ ਰੋਸ ਮੁਹਿੰਮ ਹੋਰ ਤੇਜ਼ ਕਰੇਗਾ

ਚੰਡੀਗੜ੍ਹ, 29 ਜੁਲਾਈ  (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਕੇਜਰੀਵਾਲ ਦੀ ’ਜ਼ਮੀਨ ਹੜੱਪ ਕਰਨ ਦੀ ਸਕੀਮ’ ਵਿਰੁੱਧ ਆਪਣੀ ਮੁਹਿੰਮ ਹੋਰ ਤੇਜ਼ ਕਰੇਗਾ ਅਤੇ ਜਦੋਂ ਤੱਕ ਸਰਕਾਰ ਕਿਸਾਨਾਂ ਤੇ ਹੋਰ ਜ਼ਮੀਨ ਮਾਲਕਾਂ ਨਾਲ ਇਕ ਵੱਡੇ ਧੋਖੇ ਨੂੰ ਵਾਪਸ ਨਹੀਂ ਲੈਂਦੀ, ਇਹ ਮੁਹਿੰਮ ਜਾਰੀ ਰਹੇਗੀ।ਇਸ ਸੰਬੰਧੀ ਮਤਾ ਪਾਰਟੀ ਦੀ ਕੋਰ ਕਮੇਟੀ ਦੀ ਅੱਜ ਦੁਪਹਿਰ ਹੋਈ ਮੀਟਿੰਗ ਵਿਚ ਪਾਸ ਕੀਤਾ ਗਿਆ। ਮਤੇ ਵਿਚ ਐਲਾਨ ਕੀਤਾ ਗਿਆ ਕਿ ਹੋਰਨਾਂ ਤੋਂ ਇਲਾਵਾ ਅਗਲਾ ਰੋਸ ਧਰਨਾ 4 ਅਗਸਤ ਨੂੰ ਬਠਿੰਡਾ ਅਤੇ 11 ਅਗਸਤ ਨੂੰ ਪਟਿਆਲਾ ਵਿਚ ਦਿੱਤਾ ਜਾਵੇਗਾ ਜਿਸ ਮਗਰੋਂ ਅਜਿਹੇ ਰੋਸ ਧਰਨੇ ਹੋਰ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਦਿੱਤੇ ਜਾਣਗੇ।

ਇਹ ਫੈਸਲੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਦੀ ਦੁਪਹਿਰ ਨੂੰ ਹੋਈ ਮੀਟਿੰਗ ਵਿਚ ਲਏ ਗਏ ਜਿਸ ਵਿਚ ਰਾਜ ਸਰਕਾਰ ਵੱਲੋਂ ਜ਼ਮੀਨ ਦੀ ਲੁੱਟ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਇਸਦੇ ਵਿਰੋਧ ਦੀ ਰੂਪ ਰੇਖਾ ਤੈਅ ਕੀਤੀ ਗਈ। ਤਿੰਨਾਂ ਮੀਟਿੰਗਾਂ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਕੋਰ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ ਦੇ ਜੀਜਾ ਜੀ ਗੁਰਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਸਰਦਾਰ ਬਾਦਲ ਨੇ ਜਥੇਦਾਰ ਸਾਹਿਬ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਆਪਣੇ ਤੇ ਪਾਰਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੀਟਿੰਗ ਵਿਚ ਮਹਾਨ ਪੰਜਾਬੀ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਦੇ ਸਦੀਵੀਂ ਵਿਛੋੜੇ ’ਤੇ ਵੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਪਹਿਲਾਂ ਸਵੇਰ ਵੇਲੇ ਸਰਦਾਰ ਬਾਦਲ ਨੇ ਸੂਬੇ ਭਰ ਵਿਚ ’ਮੈਨੂੰ ਮਾਣ ਅਕਾਲੀ ਹੋਣ ’ਤੇ’ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਿਸ ਦੌਰਾਨ ਪਾਰਟੀ ਵਰਕਰਾਂ ਨੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ। ਸਰਦਾਰ ਬਾਦਲ ਨੇ ਪਾਰਟੀ ਵਰਕਰਾਂ ਦੇ ਵਾਹਨਾਂ ਵਾਸਤੇ ਸਟਿੱਕਰ ਵੀ ਜਾਰੀ ਕੀਤੇ ਤੇ ਵਰਕਰਾਂ ਤੇ ਪਾਰਟੀ ਸਮਰਥਕਾਂ ਵੱਲੋਂ ਘਰਾਂ ’ਤੇ ਲਗਾਏ ਜਾਣ ਵਾਲੇ ਝੰਡੇ ਵੀ ਜਾਰੀ ਕੀਤੇ।ਸਰਦਾਰ ਬਾਦਲ ਨੇ ਦੱਸਿਆ ਕਿ ਇਹ ਮੁਹਿੰਮ ਅਕਾਲੀ ਦਲ ਦੇ ਉਭਾਰ ਵਿਰੁੱਧ ਸਾਜ਼ਿਸ਼ਾਂ ਨੂੰ ਬੇਨਕਾਬ ਕਰੇਗੀ ਅਤੇ ਹਰ ਘਰ ਤੇ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਅਕਾਲੀ ਦਲ ਦਾ ਉਭਾਰ ਨਜ਼ਰ ਆਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਤਿੰਨਾਂ ਮੀਟਿੰਗਾਂ ਵਿਚ ਮੈਂਬਰਾਂ ਨੇ ਵਿਰੋਧੀ ਧਿਰਾਂ ਖਾਸ ਤੌਰ ’ਤੇ ਅਕਾਲੀ ਦਲ ਦੇ ਆਗੂਆਂ ਖਿਲਾਫ ਬਦਲਾਖੋਰੀ ਅਤੇ ਦਮਨਕਾਰੀ ਨੀਤੀਆਂ ਅਪਣਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਇਕਜੁੱਟ ਹੋ ਕੇ ਕਿਹਾ ਕਿ ਅਸੀਂ ਆਪਣੀ ਪੂਰੀ ਤਾਕਤ ਨਾਲ ਹਰ ਪੱਧਰ ’ਤੇ ਇਸ ਦਮਨਕਾਰੀ ਨੀਤੀ ਦਾ ਵਿਰੋਧ ਕਰਾਂਗੇ।
ਮੈਂਬਰਾਂ ਨੇ ਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਜੈਪੁਰ ਵਿਚ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਵੀ ਸਖ਼ਤ ਨਿਖੇਧੀ ਕੀਤੀ। ਪਾਰਟੀ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਵਿਸ਼ਵ ਵਿਚ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਯਾਦ ਰਹੇ ਕਿ ਸਰਦਾਰ ਬਾਦਲ ਨੇ ਬੀਤੇ ਕੱਲ੍ਹ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ਭਰ ਵਿਚ ਸਿੱਖਾਂ ਨਾਲ ਵਿਤਕਰੇ ਵਾਲੀਆਂ ਦੁਖਦਾਈ ਘਟਨਾਵਾਂ ਰੋਕਣ ਵਾਸਤੇ ਉਹਨਾਂ ਦਾ ਨਿੱਜੀ ਦਖਲ ਮੰਗਿਆ ਸੀ। ਕੋਰ ਕਮੇਟੀ ਦੀ ਮੀਟਿੰਗ ਦੇ ਮਤੇ ਵਿਚ ਕਿਹਾ ਗਿਆ ਕਿ ਭਾਰਤ ਦੇ ਸੰਵਿਧਾਨ ਤਹਿਤ ਸਿੱਖਾਂ ਨੂੰ ਮਿਲੇ ਅਧਿਕਾਰਾਂ ਦੀ ਸ਼ਰ੍ਹੇਆਮ ਉਲੰਘਣਾ ਹੋ ਰਹੀ ਹੈ ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ।
ਮੀਟਿੰਗ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇਤ ਹੋਰ ਪਵਿੱਤਰ ਧਾਰਮਿਕ ਤੇ ਇਤਿਹਾਸਕ ਪ੍ਰੋਗਰਾਮਾਂ ਅਤੇ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ’ਤੇ ਇਤਿਹਾਸ ਕਾਨਫਰੰਸ ਕਰਨ ਲਈ ਰੂਪ ਰੇਖਾ ਉਲੀਕੀ ਗਈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਵਿਚ ਹੋਏ ਪ੍ਰੋਗਰਾਮ ਵਿਚ ਹੋਈ ਬੇਅਦਬੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਨੇ ਤਾਂ ਘਟਨਾ ’ਤੇ ਅਫਸੋਸ ਵੀ ਜ਼ਾਹਰ ਨਹੀਂ ਕੀਤਾ ਅਤੇ ਆਪਣੀ ਸਰਕਾਰ ਵੱਲੋਂ ਕਰਵਾਏ ਇਸ ਬੇਅਦਬੀ ਵਾਲੇ ਪ੍ਰੋਗਰਾਮ ਲਈ ਮੁਆਫੀ ਵੀ ਨਹੀਂ ਮੰਗੀ।

ਉਹਨਾਂ ਦੱਸਿਆ ਕਿ ਅਕਾਲੀ ਦਲ 20 ਅਗਸਤ ਨੂੰ ਆਪਣੇ ਮਰਹੂਮ ਪ੍ਰਧਾਨ ਤੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੇ ਮਸੀਹਾ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵਾਂ ਸ਼ਹੀਦੀ ਦਿਹਾੜਾ ਮਨਾਵੇਗਾ। ਪਾਰਟੀ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੇ ਸਨਮਾਨ ਵਿਚ ਈਸੜੂ ਵਿਖੇ ਸਾਲਾਨਾ ਕਾਨਫਰੰਸ ਆਯੋਜਿਤ ਕਰੇਗੀ।

Leave a Reply

Your email address will not be published. Required fields are marked *