ਚੰਡੀਗੜ੍ਹ 26 ਜੁਲਾਈ (ਖ਼ਬਰ ਖਾਸ ਬਿਊਰੋ)
ਸੋਸ਼ਲ ਮੀਡੀਆ ਉਤੇ ਕਿਰਕਿਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿੱਚਰਵਾਰ ਨੂੰ 11 ਜਾਨਾਂ ਬਚਾਉਣ ਵਾਲੇ ਜਸਕਰਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਆਪਣੀ ਕੋਠੀ ਬੁਲਾਕੇ ਸਨਮਾਨਤ ਕੀਤਾ ਅਤੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਸਨਮਾਨਤ ਕਰਨ ਦਾ ਐਲਾਨ ਵੀ ਕੀਤਾ।
ਬੀਤੇ ਕੱਲ ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪੀ.ਸੀ.ਆਰ. ਟੀਮ ਵਿਚ ਸ਼ਾਮਲ ਦੋ ਏ.ਐਸ.ਆਈ. ਰਜਿੰਦਰ ਸਿੰਘ ਤੇ ਨਰਿੰਦਰ ਸਿੰਘ ਤੋਂ ਇਲਾਵਾ ਕਾਂਸਟੇਬਲ ਜਸਵੰਤ ਸਿੰਘ ਅਤੇ ਹਰਪਾਲ ਕੌਰ ਦਾ ਸਨਮਾਨ ਕਰਦੇ ਹੋਏ ਇਹਨਾਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਲੋਕਾਂ ਨੇੈ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਅਸਲੀ ਹੀਰੋ ਨੂੰ ਅਣਗੌਲਿਆਂ ਕਰਨ ਸਰਕਾਰ , ਬਠਿੰਡਾ ਪ੍ਰਸ਼ਾਸ਼ਨ ਦੀ ਕਿਰਕਿਰੀ ਵੀ ਕੀਤੀ। ਸੋਸ਼ਲ ਮੀਡੀਆ ਉਤੇ ਲੋਕਾਂ ਨੇ 11 ਜਾਨਾਂ ਬਚਾਉਣ ਵਾਲੇ ਸੱਭਤੋਂ ਪਹਿਲਾਂ ਨਹਿਰ ਵਿਚ ਕੁੱਦਣ ਵਾਲਿਆਂ ਨੂੰ ਸਨਮਾਨਤ ਕਰਨ ਦੀ ਮੰਗ ਕੀਤੀ ਸੀ।
ਮੁੱਖ ਮੰਤਰੀ ਨੇ ਅੱਜ ਆਪਣੇ ਫੇਸਬੁੱਕ ਪੇਜ਼ ਉਤੇ ਜਾਣਕਾਰੀ ਸ਼ੇਅਰ ਕਰਦਿਆਂ ਕਿਹਾ ਹੈ ਕਿ ਨਹਿਰ ਵਿੱਚ ਡਿੱਗੀ ਕਾਰ ‘ਚ ਸਵਾਰ 11 ਲੋਕਾਂ ਦੀਆਂ ਬਠਿੰਡਾ ਦੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਜਾਨਾਂ ਬਚਾਉਣ ਵਾਲੇ ਜਸਕਰਨ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਅੱਜ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ। ਇਨਸਾਨੀਅਤ ਦਾ ਫ਼ਰਜ਼ ਨਿਭਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਅਨਮੋਲ ਜਾਨਾਂ ਬਚਾਉਣ ਵਾਲੇ ਨੌਜਵਾਨਾਂ ਦੀ ਹਿੰਮਤ ਅਤੇ ਦਲੇਰੀ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਇਹਨਾਂ ਦੋਵਾਂ ਨੌਜਵਾਨਾਂ ਨੂੰ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਉਹਨਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਜਾਵੇਗਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਮੁਲਾਜ਼ਮਾਂ , ਅਧਿਕਾਰੀਆਂ ਨੂੰ 25-25 ਹਜ਼ਾਰ ਰੁਪਏ, ਪੁਲਿਸ ਡਿਸਕ ਨਾਲ ਪਹਿਲਾਂ ਐ੍ੱਸ.ਐੱਸ.ਪੀ ਬਠਿੰਡਾ ਵਲੋਂ ਸਨਮਾਨਤ ਕੀਤਾ ਗਿਆ ਅਤੇ ਬਾਅਦ ਵਿਚ ਮੁੱਖ ਮੰਤਰੀ ਨੇ ਮੁੱਖ ਮੰਤਰੀ ਰਕਸ਼ਕ ਪਦਕ’ ਦੇਣ ਦਾ ਐਲਾਨ ਕਰ ਦਿੱਤਾ, ਪਰ ਜਿਹੜੇ ਆਮ ਲੋਕ ਸਨ ਜਿਹਨਾਂ ਨੇ ਸੱਭਤੋ ਪਹਿਲਾਂ ਨਹਿਰ ਵਿਚ ਛਾਲਾਂ ਮਾਰਕੇ ਰਿਸਕ ਲਿਆ ਉਹਨਾਂ ਨੂੰ ਸਿਰਫ਼ ਅਜ਼ਾਦੀ ਦਿਵਸ ਮੌਕੇੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਜਾਵੇਗਾ। ਅਜਿਹਾ ਆਮ ਲੋਕਾਂ ਨਾਲ ਭੇਦਭਾਵ ਸਾਹਮਣੇ ਆਉਂਦਾ ਹੈ।
ਕ੍ਰਿਸ਼ਨ ਕੁਮਾਰ ਪਰਵਾਸੀ ਮਜ਼ਦੂਰ ਹੈ, ਦਾ ਕਹਿਣਾ ਹੈ ਕਿ ਪੁਲਿਸ ਤਾਂ 15 ਮਿੰਟ ਲੇਟ ਘਟਨਾਂ ਸਥਾਨ ਉਤੇ ਪੁੱਜੀ ਸੀ। ਫਿਰ ਵੀ ਪੁਲਿਸ ਨੇ ਆਪਣੀ ਨੰਬਰ ਗੇਮ ਵਿਚ ਆਪਣੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕਰਵਾ ਦਿੱਤਾ ਜਦੋਂ ਕਿ ਉਹਨਾਂ ਨੂੰ ਪੁੱਛਿਆ ਤੱਕ ਨਹੀਂ। ਕ੍ਰਿਸ਼ਨ ਕੁਮਾਰ ਨੂੰ ਇਸ ਗੱਲ ਦਾ ਸ਼ਿਕਵਾ ਜਰੂਰ ਸੀ ਕਿ ਪੁਲਿਸ ਨੂੰ ਸਨਮਾਨਤ ਕਰ ਦਿੱਤਾ ਗਿਆ ਪਰ ਉਸਨੂੰ ਕਿਸੇ ਨੇ ਪੁੱਛਿਆ ਨਹੀ ਹੈ। ਇਹ ਗੱਲ ਵੱਖਰੀ ਹੈ ਕਿ ਆਮ ਲੋਕ ਕ੍ਰਿਸ਼ਨ ਕੁਮਾਰ ਦੀ ਪ੍ਰਸੰਸਾਂ ਕਰ ਰਹੇ ਸਨ ਅਤੇ ਸੋਸ਼ਲ ਮੀਡੀਆ ਉਤੇ ਕ੍ਰਿਸ਼ਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਸਨਮਾਨ ਦੇਣ ਦੀ ਗੱਲ ਉਠੀ ਸੀ। ਸੋਸ਼ਲ ਮੀਡੀਆ ਵਿਚ ਬਣੀ ਲਹਿਰ ਬਾਅਦ ਜਿੱਥੇ ਮੁੱਖ ਮੰਤਰੀ ਨੇ ਇਹਨਾਂ ਦੋਵਾਂ ਨੌਜਵਾਨਾੰ ਦਾ ਸਨਮਾਨ ਕੀਤਾ, ਉਥੇ ਪੁਲਿਸ ਦਾ ਅਸਲ ਸੱਚ ਵੀ ਉਜਾਗਰ ਹੋ ਗਿਆ।