ਲੈਂਡ ਪੂਲਿੰਗ ਪਾਲਸੀ, ਸਰਕਾਰ ਦੇ ਗਲੇ ਦੀ ਹੱਡੀ ਬਣੀ, ਆਪ ਆਗੂ ਤੇ ਮੰਤਰੀ ਹਰ ਰੋਜ਼ ਦੇ ਰਹੇ ਹਨ ਸਫ਼ਾਈ

ਚੰਡੀਗੜ੍ਹ 25 ਜੁਲਾਈ ( ਖ਼ਬਰ ਖਾਸ ਬਿਊਰੋ)
ਲੈਂਡ ਪੂਲਿੰਗ ਪਾਲਸੀ 2025 ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਈ ਹੈ। ਆਪ ਦੀ ਸਮੁੱਚੀ ਲੀਡਰਸ਼ਿਪ, ਵਿਧਾਇਕ ਤੋ ਲੈ ਕੇ ਮੁੱਖ ਮੰਤਰੀ ਤੱਕ ਲੈਂਡ ਪੂਲਿੰਗ ਪਾਲਸੀ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਵਿਰੋਧੀ ਪਾਰਟੀਆਂ ਦੇ ਆਗੂਆਂ ਉਤੇ ਗੁੰਮਰਾਹ ਕਰਨ ਦਾ ਦੋਸ਼ ਲਾ ਰਹੇ ਹਨ, ਪਰ ਇਸਦੇ ਬਾਵਜੂਦ ਕਿਸਾਨ ਪਿੱਛੇ ਹੱਟਣ ਨੂੰ ਤਿਆਰ ਨਹੀ ਹਨ।
ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ , ਆਗੂ ਅਤੇ ਵਿਧਾਇਕ ਵੀ ਪਾਲਸੀ ਦਾ ਵਿਰੋਧ ਹੋਣ ਕਰਕੇ ਇਸਨੂੰ ਵਾਪਸ ਲੈਣ ਜਾਂ ਫਿਰ ਯੂ ਟਰਨ ਲੈਣ ਦੀ ਗੱਲ ਕਰਨ ਲੱਗ ਪਏ ਹਨ। ਸੱਭਤੋ ਵੱਡੀ ਗੱਲ ਹੈ ਕਿ ਕਈ ਪਿੰਡਾਂ ਵਿਚ ਕਿਸਾਨਾਂ ਨੇ ਆਪ ਆਗੂਆਂ ਦੇ ਪਿੰਡਾਂ ਵਿਚ ਨਾ ਆਉਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ। ਸੋਸ਼ਲ ਮੀਡੀਆ ਉਤੇ ਇਕ ਕਿਸਾਨ ਨਾਲ ਇਕ ਨਿੱਜੀ ਚੈਨਲ ਵਲੋ ਕੀਤੀ ਗਈ ਇੰਟਰਵਿਊ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਸਾਨ ਮੁੱਖ ਮੰਤਰੀ ਨੂੰ ਇਹ ਪਾਲਸੀ ਆਪਣੇ ਪਿੰਡ ਸਤੌਜ ਤੋ ਸ਼ੁਰੂ ਕਰਨ ਦੀ ਸਲਾਹ ਦੇ ਰਹੇ ਹਨ।
ਬੀਤੇ ਕੱਲ਼ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਰੋਧੀ ਪਾਰਟੀਆਂ ਉਤੇ ਗੁੰਮਰਾਹ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਗਠਜੋ਼ੜ ਸਰਕਾਰ ਨੇ  ਐਸਏਐਸ ਨਗਰ (ਮੁਹਾਲੀ), ਅੰਮ੍ਰਿਤਸਰ, ਤਰਨ ਤਾਰਨ ਅਤੇ ਹੁਸ਼ਿਆਰਪੁਰ ਸਮੇਤ ਕਈ ਸ਼ਹਿਰਾਂ ਵਿੱਚ ਮਾਸਟਰ ਪਲਾਨਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਸਨ। ਹੁਣ ਅਕਾਲੀ ਦਲ ਵਿਰੋਧ ਕਰ ਰਿਹਾ ਹੈ। ਅਰੋੜਾ ਦੇ ਇਸ ਬਿਆਨ ਉਤੇ ਉਘੇ ਨਾਟਕਾਰ ਪਾਲੀ ਭੁਪਿੰਦਰ ਨੇ ਟਿੱਪਣੀ ਕੀਤੀ ਹੈ।
ਪਾਲੀ ਭੁਪਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉਤੇ ਲਿਖਿਆ ਹੈ ਕਿ “ਅਰੋੜਾ ਸਾਹਬ ਕਿਉਂ ਕਨਫਿਊਜ਼ ਕਰ ਰਹੇ ਹੋ? ਸਿੱਧਾ ਸਿੱਧਾ ਦੱਸੋ, ਲੈਂਡ/ਪੂਲਿੰਗ ਸਕੀਮ ਸਹੀ ਐ ਜਾਂ ਗਲਤ! ਜੇ ਸਹੀ ਹੈ, ਕਰੈਡਿਟ ਅਕਾਲੀਆਂ ਨੂੰ ਦਿਓ। ਜੇ ਗ਼ਲਤ ਐ (ਅਕਾਲੀਆਂ ਦੀ ਬਣਾਈ ਸਕੀਮ ਹੈ, ਤੁਹਾਡੇ ਹਿਸਾਬ ਨਾਲ ਸਹੀ ਹੋ ਹੀ ਨਹੀਂ ਸਕਦੀ) ਤਾਂ ਫਿਰ ਇਸ ਨੂੰ ਬੰਦ ਕਰੋ। ਕਾਹਨੂੰ ਨਾਲੇ ਆਪ ਉਲਝੀ ਜਾਨੇ ਓਂ, ਨਾਲੇ ਜਨਤਾ ਨੂੰ ਉਲਝਾਈ ਜਾਨੇ ਓਂ। ਚਲੋ ਦੱਸੋ, ਗੱਲ ਐਂ ਕਿ ਓਂ ਐ! ਕੇਜਰੀਵਾਲ ਸਾਹਬ ਦੀ ਸਹੁੰ ਤੁਹਾਨੂੰ ਜੇ ਇੱਕ ਗੱਲ ਨਾ ਕੀਤੀ ਤਾਂ। 
ਇੱਕ ਗੱਲ ਹੋਰ! ਊਂ ਤਾਂ ਤੁਸੀਂ ਅਕਾਲੀ ਦਲ ਨੂੰ ਜ਼ਮੀਨ ‘ਚ ਦੱਬਣ ਨੂੰ ਫਿਰਦੇ ਓ! ਫੇਰ ਉਨ੍ਹਾਂ ਦੀ ਬਣਾਈ ਕੋਈ ਸਕੀਮ ਕਾਹਨੂੰ ਪੱਟ ਲਿਆਏ ਕਬਰਾਂ ‘ਚੋਂ? ਕਿ ਯੇ ਅੰਦਰ ਕੀ ਬਾਤ ਹੈ ਕੋਈ? “
ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਕਾਰ ਦੇ ਖਜ਼ਾਨੇ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਫਿਰ ਸਰਕਾਰ ਨੇ ਪਾਲਸੀ ਵਿਚ ਸੋਧ ਕਰਦੇ ਹੋਏ ਕਿਸਾਨਾਂ ਨੂੰ ਪਹਿਲੇ ਤਿੰਨ ਸਾਲ ਤੱਕ ਪੰਜਾਹ ਹਜ਼ਾਰ ਰੁਪੈ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਅਤੇ ਜ਼ਮੀਨ ਐਕਵਾਇਰ ਕੀਤੇ ਜਾਣ ਉਤੇ ਇਕ ਲੱਖ ਰੁਪਏ ਸਾਲਾਨਾ ਦੇਣ ਦਾ ਵਾਆਦਾ ਕਰਦੇ ਹੋਏ ਪਾਲਸੀ ਵਿਚ ਸੋਧ ਕਰ ਦਿੱਤੀ ਹੈ। ਫਿਰ ਵੀ ਕਿਸਾਨ ਪਿੱਛੇ ਹਟ ਨਹੀ ਰਹੇ। 
ਦਿਲਚਸਪ ਗੱਲ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿਚ ਖੜੀ ਤੇ ਕਿਸਾਨਾਂ ਨੂੰ ਅਤਵਾਦੀ ਦੱਸਣ ਵਾਲੀ ਭਾਜਪਾ ਦੇ ਆਗੂ ਵੀ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਵਿਚ ਖੜੇ ਹੋ ਗਏ ਹਨ। ਸਾਰੀਆਂ ਸਿਆਸੀ ਧਿਰਾਂ ਇਕ ਪਾਸੇ ਹਨ ਤੇ ਇਕੱਲੀ ਆਪ ਇਕ ਪਾਸੇ। ਆਪ ਦੇ ਸੂਤਰ ਦੱਸਦੇ ਹਨ ਕਿ ਇਸ ਮੁੱਦੇ ਨੂੰ ਲੈ ਕੇ ਪਾਰਟੀ ਵਿਚ ਚਿੰਤਨ ਸ਼ੁਰੂ ਹੋ ਗਿਆ ਹੈ।
ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *