SGPC ਨੂੰ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਸ਼ਤਾਬਦੀ ਸਮਾਗਮ ਕਰਨ ’ਤੇ ਇਤਰਾਜ਼

ਅੰਮ੍ਰਿਤਸਰ, 21 ਜੁਲਾਈ  (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ’ਤੇ ਸਰਕਾਰੀ ਪੱਧਰ ’ਤੇ ਸਮਾਗਮ ਕਰਵਾਏ ਜਾਣ ਦੇ ਐਲਾਨ ’ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ।

ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਸ਼ਤਾਬਦੀ ਸਮਾਗਮ ਕੌਮੀ ਸੰਸਥਾ ਤੋਂ ਵੱਖਰੇ ਮਨਾਉਣ ਦੇ ਬਿਆਨ ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਸ਼ਤਾਬਦੀਆਂ ਦੇ ਸਮਾਗਮ ਆਯੋਜਤ ਕਰਨ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਮੁੱਖ ਕੰਮ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕਰਨਾ ਹੈ, ਨਾ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨੀ। ਧਾਰਮਿਕ ਪੱਖੋਂ ਅਜਿਹੇ ਸਮਾਗਮ ਸਿਰਫ਼ ਉਹੀ ਸੰਸਥਾਵਾਂ ਕਰ ਸਕਦੀਆਂ ਹਨ ਜੋ ਸਿੱਖ ਮਰਯਾਦਾ ਅਤੇ ਇਤਿਹਾਸਕ ਸੰਵੇਦਨਸ਼ੀਲਤਾ ਨੂੰ ਗਹਿਰਾਈ ਨਾਲ ਸਮਝਦੀਆਂ ਹਨ।ਉਨ੍ਹਾਂ ਕਿਹਾ ਕਿ ਬੀਤੇ ਵਿਚ ਸਿੱਖ ਇਤਿਹਾਸ ਦੇ ਮਹੱਤਵਪੂਰਣ ਮੌਕਿਆਂ ‘ਤੇ ਸਮਾਗਮ ਹਮੇਸ਼ਾਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਹੀ ਹੋਏ ਹਨ, ਜਦਕਿ ਸਰਕਾਰਾਂ ਨੇ ਸਿਰਫ਼ ਪ੍ਰਬੰਧਕੀ ਸਹਿਯੋਗ ਦਿੱਤਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੀ ਤਤਕਾਲੀ ਅਕਾਲੀ ਸਰਕਾਰ ਨੇ ਹਰ ਸ਼ਤਾਬਦੀ ਮੌਕੇ ਪ੍ਰਬੰਧਕੀ ਸਹਿਯੋਗ ਦੇ ਕੇ ਸਰਕਾਰਾਂ ਲਈ ਮਿਸਾਲ ਕਾਇਮ ਕੀਤੀ ਹੈ। ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਤਾਂ ਬਿਹਾਰ ਸਰਕਾਰ ਨੇ ਸਮੂਹ ਪ੍ਰਬੰਧਾਂ ਵਿੱਚ ਪੂਰਾ ਸਹਿਯੋਗ ਦਿੱਤਾ। ਇੰਝ ਲੰਘੀਆਂ ਸ਼ਤਾਬਦੀਆਂ ਮੌਕੇ ਸਰਕਾਰਾਂ ਨੇ ਸੰਗਤ ਦੇ ਰਹਿਣ ਲਈ ਲੋੜੀਂਦਾ ਢਾਂਚਾ ਤਿਆਰ ਕੀਤਾ, ਪਰ ਸਮਾਗਮਾਂ ਦੀ ਧਾਰਮਿਕ ਜੁੰਮੇਵਾਰੀ ਧਾਰਮਿਕ ਸੰਸਥਾਵਾਂ ਨੇ ਹੀ ਨਿਭਾਈ ।

ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਉਂਦੀ ਹੈ ਜਾਂ ਸੰਗਤ ਦੀ ਸਹੂਲਤ ਲਈ ਟੈਂਟ ਸਿਟੀ ਦਾ ਪ੍ਰਬੰਧ ਕਰਦੀ ਹੈ ਜਾਂ ਹੋਰ ਬੁਨਿਆਦੀ ਪ੍ਰਬੰਧ ਕਰਦੀ ਹੈ, ਤਾਂ ਸ਼੍ਰੋਮਣੀ ਕਮੇਟੀ ਇਸਦਾ ਸਵਾਗਤ ਕਰੇਗੀ। ਪਰੰਤੂ ਸਿੱਖ ਧਾਰਮਿਕ ਸੰਸਥਾ ਦੇ ਮੁਕਾਬਲੇ ਵਿੱਚ ਵੱਖਰੇ ਤੌਰ ’ਤੇ ਸਮਾਗਮ ਕਰਨਾ ਕਿਸੇ ਵੀ ਤਰ੍ਹਾਂ ਕਬੂਲ ਨਹੀਂ ਕੀਤਾ ਜਾ ਸਕਦਾ। ਸਰਕਾਰ ਵੱਲੋਂ ਅਜਿਹਾ ਕਰਨਾ ਸ਼ਤਾਬਦੀਆਂ ਦੇ ਇਤਿਹਾਸਿਕ ਸਮੇਂ ‘ਤੇ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਸਭ ਨੂੰ ਨਾਲ ਲੈ ਕੇ ਸ਼ਤਾਬਦੀ ਸਮਾਗਮ ਕਰੇਗੀ। ਇਸ ਸਬੰਧੀ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਵੱਡੇ ਪ੍ਰਤੀਨਿਧਾਂ ਨੂੰ ਸੱਦਾ ਦਿਤਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਸਹਿਯੋਗੀ ਭੂਮਿਕਾ ਨਿਭਾਏ, ਨਾ ਕਿ ਵੱਖਰੇ ਤੌਰ ’ਤੇ ਸਮਾਗਮ ਕਰਨ ਲਈ ਪੰਥ ਵਿਚ ਬੇਲੋੜੀ ਚਰਚਾ ਪੈਦਾ ਕਰੇ।

Leave a Reply

Your email address will not be published. Required fields are marked *