ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਨਾਬਾਲਗ ਸਮੇਤ ਬੀਕੇਆਈ ਮਾਡਿਊਲ ਦੇ ਤਿੰਨ ਗੁਰਗੇ ਕਾਬੂ

ਚੰਡੀਗੜ੍ਹ, 27 ਜੂਨ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ‘ਤੇ ਯੂਕੇ ਅਧਾਰਿਤ ਨਿਸ਼ਾਨ ਸਿੰਘ ਵੱਲੋਂ ਚਲਾਏ ਜਾ ਰਹੇ ਪਾਕਿ-ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਤਿੰਨ ਸਾਥੀਆਂ, ਜਿਹਨਾਂ ਵਿੱਚ ਇੱਕ ਨਬਾਲਗ ਵੀ ਸ਼ਾਮਲ ਹੈ, ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਦੋਵੇਂ ਵਾਸੀ ਰਾਮਦਾਸ, ਅੰਮ੍ਰਿਤਸਰ ਅਤੇ ਇੱਕ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੋਹਾਲੀ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਰਵਾਈ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਹੈਂਡ ਗ੍ਰਨੇਡ ਅਤੇ ਇੱਕ ਆਧੁਨਿਕ 9 ਐਮਐਮ ਗਲੌਕ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਗਿਰੋਹ ਅੰਮ੍ਰਿਤਸਰ ਦੇ ਇਲਾਕੇ ਵਿੱਚ ਪੁਲਿਸ ਅਦਾਰਿਆਂ ‘ਤੇ ਹਮਲੇ ਅਤੇ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਗ੍ਰਿਫਤਾਰੀ ਨਾਲ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ, ਜਿਸ ਨਾਲ ਅਣਗਿਣਤ ਮਾਸੂਮ ਜਾਨਾਂ ਬਚ ਗਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਏਆਈਜੀ ਐਸਐਸਓਸੀ ਐਸਏਐਸ ਨਗਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਸਹਿਜਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਅੰਮ੍ਰਿਤਸਰ ਦੇ ਪਿੰਡ ਪੈਰੇਵਾਲ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਲਵ, ਜੋ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਉਨ੍ਹਾਂ ਦੱਸਿਆ ਕਿ ਸਹਿਜਪਾਲ ਵੱਲੋਂ ਕੀਤੇ ਖੁਲਾਸੇ ਉਪਰੰਤ ਪੁਲਿਸ ਟੀਮਾਂ ਵੱਲੋਂ ਲਵਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਐਸਐਸਓਸੀ, ਐਸਏਐਸ ਨਗਰ ਵਿਖੇ ਲਿਆਂਦਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਵਪ੍ਰੀਤ ਨੇ ਸਹਿਜਪਾਲ ਸਿੰਘ ਨੂੰ ਹਥਿਆਰ ਅਤੇ ਵਿਸਫੋਟਕ ਪਦਾਰਥ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਸਹਿਜਪ੍ਰੀਤ ਨੇ ਇਹ ਹਥਿਆਰ ਅਤੇ ਵਿਸਫੋਟਕ ਪਦਾਰਥ ਪ੍ਰਾਪਤ ਕਰਨ ਅਤੇ ਲੈ ਜਾਣ ਲਈ ਆਪਣੇ ਸਾਥੀ ਵਿਕਰਮਜੀਤ ਸਿੰਘ ਨੂੰ ਆਪਣੇ ਨਾਲ ਸ਼ਾਮਲ ਕੀਤਾ।

ਜ਼ਿਕਰਯੋਗ ਹੈ ਕਿ ਲਵਪ੍ਰੀਤ, ਜੋ ਇੱਕ ਬਦਨਾਮ ਅਪਰਾਧੀ ਹੈ ਅਤੇ ਜਿਸਦੇ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ, ਅਤੇ ਇਰਾਦਾ ਕਤਲ ਤਹਿਤ ਕਈ ਮਾਮਲੇ ਦਰਜ ਹਨ, ਨੇ ਕਾਰਕੁਨਾਂ ਨੂੰ ਲਾਮਬੰਦ ਕਰਨ ਅਤੇ ਨਿਰਦੇਸ਼ਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਏਆਈਜੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਨੂੰ ਮਿੱਥ ਕੇ ਵਿਸਫੋਟ ਕਰਨ ਦੀ ਵਾਰਦਾਤਾਂ ਵਿੱਚ ਵਰਤੇ ਜਾਣੇ ਸਨ ਅਤੇ ਵਿਸਫੋਟ ਕਰਨ ਦੀ ਜਗ੍ਹਾ ਅਤੇ ਸਮੇਂ ਬਾਰੇ ਵਿਦੇਸ਼ ਅਧਾਰਤ ਹੈਂਡਲਰਾਂ ਵੱਲੋਂ ਬਾਅਦ ਵਿੱਚ ਦੱਸਿਆ ਜਾਣਾ ਸੀ, ਜਦੋਂ ਕਿ, ਬਰਾਮਦ ਗਲੌਕ ਪਿਸਤੌਲ ਦੀ ਵਰਤੋਂ ਵਿਰੋਧੀ ਗਿਰੋਹ ਦੇ ਮੈਂਬਰਾਂ ਦੇ ਮਿੱਥ ਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਕੀਤੀ ਜਾਣੀ ਸੀ।

ਇਸ ਸਬੰਧੀ ਐਫਆਈਆਰ ਨੰਬਰ 09 ਮਿਤੀ 22-04-2025 ਨੂੰ ਥਾਣਾ ਐਸਐਸਓਸੀ ਐਸਏਐਸ ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(1)(ਬੀ) ਅਤੇ 25(7) ਅਤੇ ਵਿਸਫੋਟਕ ਐਕਟ ਦੀ ਧਾਰਾ 3, 4 ਅਤੇ 5 ਤਹਿਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *