ਚੰਡੀਗੜ੍ਹ, 25 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਝੂਠੇ ਕੇਸ ਵਿਚ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸਦਾ ਮਕਸਦ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਅਤੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ਤੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਸਰਦਾਰ ਮਜੀਠੀਆ ਨੂੰ ਝੂਠੇ ਐਨ ਡੀ ਪੀ ਐਸ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। ਡਾ. ਚੀਮਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਰਦਾਰ ਮਜੀਠੀਆ ਨੂੰ ਅਦਾਲਤਾਂ ਨੇ ਨਿਰਦੋਸ਼ ਕਰਾਰ ਦਿੱਤਾ ਹੈ ਤੇ ਉਹਨਾਂ ਨੂੰ ਐਨ ਡੀ ਪੀ ਐਸ ਕੇਸ ਵਿਚ ਜ਼ਮਾਨਤ ਮਿਲੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਫਿਰ ਤੋਂ ਆਪ ਸਰਕਾਰ ਨੇ ਇਕ ਝੂਠਾ ਕੇਸ ਬਣਾ ਦਿੱਤਾ ਹੈ ਜਿਸਦਾ ਮਕਸਦ ਸਰਦਾਰ ਮਜੀਠੀਆ ਦੀ ਆਵਾਜ਼ ਕੁਚਲਣਾ ਹੈ ਜੋ ਲਗਾਤਾਰ ਲੋਕਾਂ ਦੇ ਮੁੱਦੇ ਚੁੱਕਦੇ ਰਹਿੰਦੇ ਹਨ ਜੋ ਆਪ ਸਰਕਾਰ ਨੂੰ ਪਸੰਦ ਨਹੀਂ ਆਉਂਦੇ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਮੁੱਦੇ ਚੁੱਕਦੇ ਰਹਾਂਗੇ ਤੇ ਇਸ ਭ੍ਰਿਸ਼ਟ ਤੇ ਘੁਟਾਲਿਆਂ ਵਾਲੀ ਸਰਕਾਰ ਜਿਸਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਨੂੰ ਬੇਨਕਾਬ ਕਰਦੇ ਰਹਾਂਗੇ।