ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ ਤੋਂ 4 ਮਹੀਨੇ ਪਹਿਲਾਂ  ਤਿਆਰੀਆਂ ਵਿੱਢੀਆਂ


ਚੰਡੀਗੜ੍ਹ, 24 ਜੂਨ (ਖ਼ਬਰ ਖਾਸ ਬਿਊਰੋ)

ਝੋਨੇ ਦੀ ਖਰੀਦ ਸੀਜ਼ਨ 2025 ਤੋਂ 4 ਮਹੀਨੇ ਪਹਿਲਾਂ ਹੀ ਆਪਣੀਆਂ ਤਿਆਰੀਆਂ ਪੂਰੀਆਂ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨਾਜ ਦੀ ਖਰੀਦ ਦੀ ਨਿਗਰਾਨੀ ਕਰਨ ਅਤੇ ਰਾਜ ਵਿੱਚ ਆਉਣ ਵਾਲੇ ਸੀਜ਼ਨਾਂ ਵਿੱਚ ਕਣਕ ਅਤੇ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਤਰੀ ਸਮੂਹ  ਦਾ ਗਠਨ ਕਰਕੇ ਇੱਕ ਮਿਸਾਲੀ ਪਹਿਲ ਕੀਤੀ ਹੈ  | ਮੰਤਰੀ ਸਮੂਹ ਨੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਆਪਣੀ ਪਲੇਠੀ ਮੀਟਿੰਗ ਕੀਤੀ |

ਜ਼ਿਕਰਯੋਗ ਹੈ ਕਿ ਇਸ ਮੰਤਰੀ ਸਮੂਹ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਤੌਰ ਚੇਅਰਮੈਨ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੈਂਬਰ ਵਜੋਂ ਸ਼ਾਮਲ ਹਨ |
ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਰਾਹੁਲ ਤਿਵਾੜੀ ਨੇ 1 ਅਕਤੂਬਰ 2025 ਤੋਂ  ਨਵੰਬਰ ਦੇ ਅੱਧ ਤੱਕ ਚੱਲਣ ਵਾਲੇ ਸਾਉਣੀ ਸੀਜ਼ਰਨ ਦੌਰਾਨ ਝੋਨੇ ਦੀ ਸੁਚਾਰੂ ਅਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਯੋਜਨਾਬੰਦੀ ਬਾਰੇ ਇੱਕ ਪੇਸ਼ਕਾਰੀ ਦਿੱਤੀ |

ਆਗਾਮੀ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਭੰਡਾਰਨ ਸਬੰਧੀ ਲੋੜੀਂਦੀ ਥਾਂ ਉਪਲਬਧ ਕਰਾਉਣ ਦੇ ਅਹਿਮ ਮੁੱਦੇ ਬਾਰੇ ਜਾਣੂੰ ਕਰਵਾਉਂਦਿਆਂ ਮੰਤਰੀ ਸਮੂਹ ਨੂੰ ਦੱਸਿਆ ਗਿਆ ਕਿ ਇਸ ਸਬੰਧ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਾਲ ਦਸੰਬਰ ਤੱਕ 40 ਲੱਖ ਮੀਟਰਕ ਟਨ ਥਾਂ ਉਪਲਬਧ ਕਰਵਾ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਅਗਲੇ ਸਾਲ ਜੂਨ ਦੇ ਅੰਤ ਤੱਕ ਲਗਭਗ 82-83 ਲੱਖ ਮੀਟਰਕ ਟਨ ਥਾਂ ਬਣਾ ਲਈ ਜਾਵੇਗੀ |

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿਵਾਇਆ ਕਿ ਮਿੱਲਰਾਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਸਾਰੇ ਜਾਇਜ਼ ਮੁੱਦਿਆਂ ਦਾ ਹੱਲ ਕੱਢਿਆ ਜਾਵੇਗਾ ਅਤੇ ਕੇਂਦਰ ਸਰਕਾਰ/ਐਫ.ਸੀ.ਆਈ. ਦੇ ਦਖਲ ਦੀ ਲੋੜ ਵਾਲੇ ਮੁੱਦਿਆਂ ਨੂੰ ਉਨ੍ਹਾਂ ਨਾਲ ਵੱਡੇ ਪੱਧਰ ‘ਤੇ ਉਠਾਇਆ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਟੋਰੇਜ ਲਈ ਲੋੜੀਂਦੀ ਥਾਂ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ  |

ਮਹੱਤਵਪੂਰਨ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 31 ਜੁਲਾਈ ਤੱਕ ਕੁੱਲ 117 ਐਲ.ਐਮ.ਟੀ. ਦੇ ਟੀਚੇ ਨਾਲ ਹੁਣ ਤੱਕ 100 ਐਲਐਮਟੀ ਤੋਂ ਵੱਧ ਚੌਲ ਡਿਲੀਵਰ ਕੀਤੇ ਗਏ ਹਨ  |

ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਆਉਣ ਵਾਲੇ ਸਾਉਣੀ  ਸੀਜ਼ਨ ਵਿੱਚ ਲਗਭਗ 175-180 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ ਅਤੇ ਰਾਜ ਸਰਕਾਰ ਇਸਦੀ ਸਹੀ ਦੇਖਭਾਲ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ | ਲੋੜੀਂਦੀ ਥਾਂ ਦੀ ਉਪਲਬਧਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 46 ਐਲ.ਐਮ.ਟੀ. ਗੋਦਾਮਾਂ ਦੇ ਨਿਰਮਾਣ ਲਈ ਪ੍ਰਸਤਾਵ ਉੱਚ ਪੱਧਰੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾ ਰਹੇ ਹਨ |

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਕਿਸਾਨਾਂ ਨੂੰ ਸਿਰਫ਼ ਮਾਹਿਰਾਂ ਵੱਲੋਂ ਸਿਫ਼ਾਰਸ਼ ਕੀਤੇ ਬੀਜਾਂ ਦੀ ਵਰਤੋਂ ਕਰਨ ਦੀ ਅਪੀਲ ਕਰਦੇ ਹੋਏ ਸ੍ਰੀ ਕਟਾਰੂਚੱਕ ਨੇ ਉਨ੍ਹਾਂ ਨੂੰ ਨਕਲੀ ਕਿਸਮਾਂ ਦੇ ਬੀਜਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ | ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਅਨਾਜ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ | ਇਸ ਤੋਂ ਇਲਾਵਾ ਫਸਲਾਂ ਵਿੱਚ ਨਮੀ ਦੀ ਮਾਤਰਾ ਘਟਾਉਣ ਲਈ, ਉਨ੍ਹਾਂ ਨੇ ਕਿਸਾਨ ਭਾਈਚਾਰੇ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੰਬਾਈਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ |

ਕੇਂਦਰ ਸਰਕਾਰ ਨੂੰ ਅਨਾਜ ਦੀ ਨਿਰੰਤਰ ਚੁਕਾਈ  ਯਕੀਨੀ ਬਣਾਉਣ ਲਈ ਅਪੀਲ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੇ ਗੋਦਾਮਾਂ ਤੋਂ ਕਰੀਬ 12 ਐਲ.ਐਮ.ਟੀ. ਅਨਾਜ ਦੀ ਚੁਕਾਈ ਯਕੀਨੀ ਬਣਾਈ ਜਾਵੇ ਤਾਂ ਨਵੀਂ ਝੋਨੇ ਦੀ ਫਸਲ ਦੀ ਸਟੋਰੇਜ ਲਈ ਹੋਰ ਥਾਂ ਬਣਾਈ ਜਾ ਸਕੇ | ਉਨ੍ਹਾਂ ਤਸੱਲੀ ਪ੍ਰਗਟਾਈ ਕੇਂਦਰ ਵੱਲੋਂ ਸੂਬੇ ਦੀ ਇਸ ਜਾਇਜ਼ ਮੰਗ ਪ੍ਰਤੀ ਹਾਂਪੱਖੀ ਹੁੰਗਾਰਾ ਆਵੇਗਾ |

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਕਿਸਾਨਾਂ ਦੀ ਮਿਹਨਤ ਦੀ ਉਗਾਈ ਫਸਲ ਦਾ ਇੱਕ-ਇੱਕ ਦਾਣਾ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ  ਦੁਹਰਾਉਂਦਿਆਂ ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੰਤਰੀ ਸਮੂਹ ਦਾ ਗਠਨ ਕਿਸਾਨਾਂ ਦੀ ਬਿਹਤਰੀ ਅਤੇ ਖੇਤੀਬਾੜੀ ਨੂੰ  ਹੋਰ ਪ੍ਰਫੁੱਲਿਤ ਕਰਨ ਲਈ ਕੀਤਾ ਗਿਆ ਹੈ |

ਇਹ ਵੀ ਦੱਸਿਆ ਗਿਆ ਕਿ ਟਰਾਂਸਪੋਰਟੇਸ਼ਨ ਨੀਤੀ ਦੇ ਨਾਲ-ਨਾਲ ਲੇਬਰ ਅਤੇ ਕਾਰਟੇਜ ਨੀਤੀ ਨੂੰ ਵੀ ਅੰਤਿਮ ਰੂਪ ਦੇਣ ਉਪਰੰਤ ਪ੍ਰਵਾਨਗੀ ਲਈ ਸੂਬਾ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਸਕੱਤਰ ਪੰਜਾਬ ਮੰਡੀ ਬੋਰਡ ਰਾਮਵੀਰ, ਐਮ.ਡੀ. ਪਨਸਪ ਸੋਨਾਲੀ ਗਿਰੀ, ਵਧੀਕ ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਡਾ. ਅੰਜੁਮਨ ਭਾਸਕਰ ਅਤੇ ਜੀ.ਐਮ. (ਵਿੱਤ) ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਸਰਵੇਸ਼ ਕੁਮਾਰ ਸ਼ਾਮਲ ਸਨ |

Leave a Reply

Your email address will not be published. Required fields are marked *