ਰੂਪਨਗਰ, 21 ਜੂਨ (ਖ਼ਬਰ ਖਾਸ ਬਿਊਰੋ)
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋਂ “ਸੀ ਐੱਮ ਦੀ ਯੋਗਸ਼ਾਲਾ” ਅਧੀਨ 11ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਕਾਲਜ ਰੋਪੜ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਅੱਜ ਦੀ ਇਸ ਭੱਜ ਦੌੜ ਦੀ ਜਿੰਦਗੀ ਵਿੱਚ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਜਿਆਦਾ ਸਮਾਂ ਨਹੀਂ ਮਿਲਦਾ ਜਿਸ ਕਾਰਨ ਸਰੀਰਕ ਤੇ ਮਾਨਸਿਕ ਤੌਰ ਤੇ ਚਿੰਤਾਵਾਂ ਦਾ ਪਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗ ਇੱਕ ਅਜਿਹੀ ਵਿਧੀ ਹੈ ਜੋ ਕਿ ਤੰਦਰੁਸਤ ਰਹਿਣ ਦਾ ਇੱਕ ਉਤਮ ਸਾਧਨ ਹੈ, ਇਸ ਲਈ ਹਰੇਕ ਇਨਸਾਨ ਨੂੰ ਰੋਜ਼ਾਨਾ ਯੋਗ ਜਰੂਰ ਕਰਨਾ ਚਾਹੀਦਾ ਹੈ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਯੋਗ ਲਈ ਰੋਜਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਣਾਅ ਭਰੀ ਜਿੰਦਗੀ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਯੋਗ ਨੂੰ ਅਪਣਾ ਕੇ ਦਵਾਈਆਂ ‘ਤੇ ਵੱਡੀ ਮਾਤਰਾ ਵਿੱਚ ਹੋਣ ਵਾਲੇ ਖਰਚੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਯੋਗ ਵਿੱਚ ਲਗਾਇਆ ਗਿਆ ਸਮਾਂ, ਸਾਡੇ ਸਮੁੱਚੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ।
ਵਿਧਾਇਕ ਚੱਢਾ ਨੇ ਦੱਸਿਆ ਕਿ ਸਾਡੇ ਰਿਸ਼ੀਆਂ ਮੁਨੀਆਂ ਨੇ ਸੈਂਕੜੇ ਸਾਲਾਂ ਦੀ ਤਪੱਸਿਆ ਤੋਂ ਬਾਅਦ ਯੋਗ ਦੀ ਸ਼ੁਰੂਆਤ ਕੀਤੀ ਅਤੇ ਅੱਜ ਪੂਰੀ ਦੁਨੀਆ ਵਿੱਚ ਯੋਗ ਨੂੰ ਮਾਨਤਾ ਹਾਸਲ ਹੋਈ ਹੈ ਅਤੇ ਇਹ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਕਿ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਤਾਂ ਯੋਗ ਇਕੋ ਇਕ ਅਜਿਹਾ ਸਾਧਨ ਹੈ ਜਿਸ ਨਾਲ ਜੁੜ ਕੇ ਨਿਰੋਗ ਜੀਵਨ ਬਤੀਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਅਭਿਆਸ ਹਰ ਉਮਰ ਦੇ ਵਿਅਕਤੀ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਲਈ ਫ਼ਾਇਦੇਮੰਦ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਿੱਚ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਬਹੁਤ ਹੀ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਲਗਭਗ 115 ਕਲਾਸਾਂ ਲਗਾ ਕੇ ਯੋਗ ਦੇ ਵੱਖ-ਵੱਖ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਬਤੀਤ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਅਪਨਾਉਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਆਉਂਦਾ। ਇਸ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਘਰ ਜਾਂ ਬਾਹਰ ਕਿਤੇ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ, ਪਿੰਡ ਜਾ ਸ਼ਹਿਰ ਵਾਸੀਆਂ ਨੇ ਮੁਫ਼ਤ ਯੋਗ ਕਲਾਸਾਂ ਦਾ ਲਾਭ ਉਠਾਉਣਾ ਹੈ ਤਾਂ ਉਹ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰਕੇ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਸੈਂਕੜੇ ਯੋਗ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਵਣ ਵਿਭਾਗ ਵੱਲੋਂ ਆਏ ਹੋਏ ਯੋਗ ਪ੍ਰੇਮੀਆਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐੱਸਪੀ (ਹੈਡਕਵਾਟਰ) ਸ਼੍ਰੀ ਅਰਵਿੰਦ ਮੀਨਾ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਭਾਗ ਸਿੰਘ ਮਦਾਨ, ਇੰਮਪਰੁਵਮੇਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਸ਼ਿਵ ਕੁਮਾਰ ਲਾਲਪੁਰਾ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਤਰਪਿੰਦਰ ਕੌਰ, ਜ਼ਿਲ੍ਹਾ ਵਣ ਅਫਸਰ ਸ. ਹਰਜਿੰਦਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀ, ਕਾਲਜ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ, ਵਾਈਸ ਪ੍ਰਿੰਸੀਪਲ ਹਰਜੀਤ ਸਿੰਘ, ਸੀਨੀਅਰ ਫਿਜ਼ੀਸ਼ਿਅਨ ਡਾ. ਜੋਤੀ ਬੱਬਰ, ਆਯੁਰਵੈਦਿਕ ਮੈਡੀਕਲ ਅਫਸਰ ਡਾ. ਰਾਹੁਲ ਸ਼ਰਮਾ, ਸੁਪਰਡੈਂਟ ਸ਼੍ਰੀ ਸਚਿਨ ਜੋਸ਼ੀ, ਆਯੁਰਵੈਦਿਕ ਮੈਡੀਕਲ ਅਫਸਰ ਡਾ. ਵਰਿੰਦਰ ਮੋਹਨ, ਆਯੁਰਵੈਦਿਕ ਮੈਡੀਕਲ ਅਫਸਰ ਡਾ. ਗੁਰਪ੍ਰੀਤ ਕੌਰ, ਯੋਗ ਇੰਸਟਰੱਕਟਰ ਸ਼੍ਰੀ ਅਖਿਲੇਸ਼ ਕੁਮਾਰ, ਸ਼੍ਰੀਮਤੀ ਰਵੀਨਾ, ਸ਼੍ਰੀਮਤੀ ਰਮਨਦੀਪ, ਸ਼੍ਰੀਮਤੀ ਆਸਥਾ, ਸ਼੍ਰੀਮਤੀ ਆਰਤੀ, ਸ਼੍ਰੀਮਤੀ ਲਵਲੀਨ, ਸਰਕਾਰੀ ਕਾਲਜ ਰੋਪੜ ਦਾ ਸਟਾਫ ਅਤੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਭਾਗ ਲਿਆ।