ਲੁਧਿਆਣਾ 13 ਜੂਨ (ਖ਼ਬਰ ਖਾਸ ਬਿਊਰੋ)
ਪਿਛਲੇ ਦਿਨੀਂ ਡੇਰਾ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣ ਵੇਲੇ ਮੀਡੀਆ ਨਾਲ ਗੱਲਬਾਤ ਦੌਰਾਨ ਕਹਿਣਾ ਕੇ ਬੰਦੀ ਸਿੰਘ ਹੁਣ ਰਿਹਾ ਹੋਣੇ ਚਾਹੀਦੇ ਹਨ ਅਤੇ ਮੈਂ ਸਮੇਂ ਸਮੇਂ ਤੇ ਇਹ ਕੇਂਦਰ ਤੋਂ ਮੰਗ ਕਰਦਾ ਰਿਹਾ ਹਾਂ ਦਾ ਸਿੱਖ ਜਗਤ ਵਿੱਚ ਸੁਆਗਤ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਡੇਰਾ ਮੁਖੀ ਦੇ ਇਸ ਬਿਆਨ ਦੀ ਸ਼ਲਾਘਾ ਕੀਤੀ ਹੈ ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਉਹਨਾਂ ਆਖਿਆ ਕਿ ਬਾਬਾ ਗੁਰਿੰਦਰ ਸਿੰਘ ਹੋਰਾਂ ਵਲੋਂ ਪਹਿਲਾਂ ਵੀ ਕੇਂਦਰ ਸਰਕਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪੱਤਰ ਲਿਖ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਠਾਇਆ ਸੀ ਜਿਸ ਤੋਂ ਬਾਅਦ ਭਾਈ ਗੁਰਦੀਪ ਸਿੰਘ ਖੇੜਾ , ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਸੁਬੇਗ ਸਿੰਘ ਹੋਰਾਂ ਦੀਆਂ ਪੈਰੋਲਾਂ ਅਤੇ ਰਿਹਾਈਆਂ ਵਿੱਚ ਯੋਗਦਾਨ ਪਿਆ । ਉਹਨਾ ਆਖਿਆ ਕਿ ਡੇਰਾ ਮੁਖੀ ਦੀ ਇਸ ਪਹਿਲ ਨਾਲ ਬੰਦੀ ਸਿੰਘਾਂ ਦਾ ਮਸਲਾ ਕੇਂਦਰ ਨੂੰ ਹੱਲ ਕਰਨਾ ਚਾਹੀਦਾ ਹੈ ਓਹਨਾ ਅੱਗੇ ਆਖਿਆ ਕਿ ਜੇਕਰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਖਾਲਸਾ ਵਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕਰਦੀ ਹੈ ਤਾਂ ਓਸਦਾ ਵੀ ਸੁਆਗਤ ਕੀਤਾ ਜਾਏਗਾ।