ਗਰਮ ਹਵਾਵਾਂ, ਲੂਅ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋ ਖਿਆਲ

ਚੰਡੀਗੜ੍ਹ 12 ਜੂਨ (ਖ਼ਬਰ ਖਾਸ ਬਿਊਰੋ)

ਗਰਮੀ ਦੇ ਮੌਸਮ ਵਿਚ ਗਰਮ ਹਵਾਵਾਂ, ਲੂ ਚੱਲਣ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੁੰਦਾ ਜਾ ਰਿਹਾ ਹੈ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਇਸ ਸਬੰਧ ਵਿਚ  ਮੌਸਮ ਵਿਭਾਗ ਨੇ ਵੀ ਐਡਵਾਇਜਰੀ ਜਾਰੀ ਕੀਤੀ ਹੈ।

ਪੰਜਾਬ ਦੇ ਸਿਹਤ ਮੰਤਰੀ  ਡਾ. ਬਲਬੀਰ ਸਿੰਘ ਨੇ ਇੱਕ ਪਬਲਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਨਾਗਰਿਕਾਂ ਨੂੰ ਅਤਿ ਦੀ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਨੇ ਵਾਰ-ਵਾਰ ਪਾਣੀ ਪੀਣ ਅਤੇ ਬਾਹਰ ਨਿਕਲਦੇ ਸਮੇਂ ਪਾਣੀ ਨਾਲ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਨਵਜੰਮੇ ਬੱਚਿਆਂ, ਬੱਚੇ, ਗਰਭਵਤੀ ਔਰਤਾਂ, ਬਜ਼ੁਰਗਾਂ, ਮੋਟਾਪੇ ਜਾਂ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਅਤੇ ਦਿਲ ਦੀਆਂ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਸਮੇਤ ਸੰਵੇਦਨਸ਼ੀਲ ਸਮੂਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ 👉  ਹਸਪਤਾਲ ਦਾ ਕਮਾਲ, ਇਕ ਦਾ ਲੀਵਰ ਦੂਜੇ ਨੌਜਵਾਨ ਨੂੰ ਕੀਤਾ ਟ੍ਰਾਂਸਪਲਾਂਟ

ਉਨ੍ਹਾਂ ਅੱਗੇ ਦੱਸਿਆ ਕਿ ਸਿੱਧੀ ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਉਸਾਰੀ ਕਾਮੇ ਅਤੇ ਗਲੀਆਂ ‘ਚ ਫੇਰੀ ਵਾਲੇ ਵਿਅਕਤੀਆਂ ਨੂੰ ਖਾਸ ਤੌਰ ’ਤੇ ਗਰਮੀ ਤੋਂ ਖ਼ਤਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਛਾਂਦਾਰ ਖੇਤਰਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਅਤੇ ਗਰਮੀ ਦੇ ਸਿਖਰ ਸਮੇਂ ਨਿਯਮਿਤ ਤੌਰ ’ਤੇ ਪਾਣੀ ਪੀਣਾ ਚਾਹੀਦਾ ਹੈ।

ਸਿਹਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰੀ ਗਤੀਵਿਧੀਆਂ ਤੋਂ ਬਚਣ, ਹਲਕੇ, ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਬਾਹਰ ਨਿਕਲਦੇ ਸਮੇਂ ਟੋਪੀਆਂ, ਪੱਗਾਂ ਜਾਂ ਦੁਪੱਟੇ ਨਾਲ ਆਪਣੇ ਸਿਰ ਢੱਕਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਹਾਈਡ੍ਰੇਟ ਰਹਿਣ ਲਈ ਮੌਸਮੀ ਫਲਾਂ ਦੇ ਸੇਵਨ ਅਤੇ ਘਰੇਲੂ ਪੀਣ ਵਾਲੇ ਪਦਾਰਥਾਂ ਜਿਵੇਂ ਨਿੰਬੂ ਪਾਣੀ, ਲੱਸੀ ਤੇ ਨਾਰੀਅਲ ਪਾਣੀ ਆਦਿ ਲਈ ਉਤਸ਼ਾਹਿਤ ਕੀਤਾ ਅਤੇ ਸ਼ਰਾਬ, ਕੈਫੀਨ ਯੁਕਤ ਪੀਣ ਵਾਲੇ ਪਦਾਰਥ, ਤਲੇ ਜਾਂ ਬਾਸੀ ਭੋਜਨ ਤੋਂ ਪਰਹੇਜ਼ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਗਰਮੀ ਨਾਲ ਸਬੰਧਤ ਲੱਛਣ ਜਿਵੇਂ ਕਿ ਸਰੀਰ ਦਾ ਤਾਪਮਾਨ ਵਧਣਾ, ਪਸੀਨਾ ਨਾ ਆਉਣਾ, ਸੁੱਕੀ ਲਾਲ ਚਮੜੀ, ਚੱਕਰ ਆਉਣੇ, ਉਲਟੀਆਂ, ਉਲਝਣ ਜਾਂ ਬੇਹੋਸ਼ੀ ਦੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਨ੍ਹਾਂ ਨੂੰ 104 ਹੈਲਪਲਾਈਨ ’ਤੇ ਕਾਲ ਕਰਕੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਹੋਰ ਪੜ੍ਹੋ 👉  378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਈਟੀਓ

Leave a Reply

Your email address will not be published. Required fields are marked *