ਚੰਡੀਗੜ੍ਹ, 7 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਯੂ ਏ ਈ ਸਰਕਾਰ ਨਾਲ ਗੱਲਬਾਤ ਆਰੰਭ ਕੇ ਉਹਨਾਂ ਨੂੰ ਕ੍ਰਿਪਾਨ ਸਮੇਤ ਸਿੱਖਾਂ ਦੇ ਪੰਜ ਕੱਕਾਰਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਿੱਖਾਂ ਨੂੰ ਬੇਰੋਕ ਟੋਕ ਦੇ ਇਹ ਕੱਕਾਰ ਧਾਰਨ ਕਰਨ ਦੀ ਆਗਿਆ ਦਿੱਤੀ ਜਾਵੇ। ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਉਹ ਇਹ ਅਪੀਲ ਇਸ ਕਰ ਕੇ ਕਰ ਰਹੇ ਹਨ ਕਿਉਂਕਿ ਯੂ ਏ ਈ ਵਿਚ ਭਾਰਤੀ ਸਫਾਰਤਖਾਨੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਲੋਕ ਯੂ ਏ ਈ ਦੇ ਕਾਨੂੰਨ ਦੀ ਧਾਰਾ 405 ਤਹਿਤ ਉਹ ਤਿੱਖੀਆਂ ਵਸਤਾਂ ਲੈ ਕੇ ਯੂ ਏ ਈ ਨਾ ਆਉਣ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਐਡਵਾਈਜ਼ਰੀ ਨੇ ਸਿੱਖਾਂ ਮੁਸਾਫਰਾਂ ਤੇ ਵਸਨੀਕਾਂ ਨੂੰ ਨਿਰਾਸ਼ ਕੀਤਾ ਹੈ ਤੇ ਉਹਨਾਂ ਵਿਚ ਮਾਨਸਿਕ ਪੀੜਾ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਥੇ ਸਿੱਖਾਂ ਨੂੰ ਆਪਣੀ ਕ੍ਰਿਪਾਨ ਤੇ ਹੋਰ ਕੱਕਾਰ ਹਟਾਉਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੇ ਆਬੂ ਧਾਬੀ ਵਿਚ ਇਕ ਬਜ਼ੁਰਗ ਸਿੱਖ ਨੂੰ ਕ੍ਰਿਪਾਨ ਅਤੇ ਦਸਤਾਰ ਲਾਹੁਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦਾ ਵੀ ਹਵਾਲਾ ਦਿੱਤਾ।
ਬਾਦਲ ਨੇ ਆਪਣੇ ਪੱਤਰ ਵਿਚ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਿੱਖ ਕੌਮ ਵਿਚ ਨਿਰਾਸ਼ਾ ਤੇ ਮਾਯੂਸੀ ਪੈਦਾ ਹੋਈ ਹੈ ਕਿਉਂਕਿ ਇਹ ਗੱਲਾਂ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਕੱਕਾਰ ਧਾਰਣ ਕਰਨ ਦੇ ਰਾਹ ਵਿਚ ਰੁਕਾਵਟ ਸਾਬਤ ਹੋ ਰਹੀਆਂ ਹਨ ਅਤੇ ਇਹ ਗੱਲਾਂ ਯੂ ਏ ਈ ਵਿਚ ਧਾਰਮਿਕ ਆਜ਼ਾਦੀ ਦੀ ਰੱਖਿਆ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦੀਆਂ ਹਨ।
ਉਹਨਾਂ ਕਿਹਾ ਕਿ ਸਿੱਖ ਕੌਮ ਨੇ ਯੂ ਏ ਈ ਸਮੇਤ ਦੁਨੀਆਂ ਭਰ ਵਿਚ ਹਮੇਸ਼ਾ ਉਸਾਰੂ ਭੂਮਿਕਾ ਨਿਭਾਈ ਹੈ ਅਤੇ ਉਹ ਆਪਣੇ ਧਾਰਮਿਕ ਕੱਕਾਰਾਂ ਨੂੰ ਧਾਰਣ ਕਰਨ ਦੀ ਕਾਨੂੰਨ ਆਗਿਆ ਮੰਗਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਪੰਜ ਕੱਕਾਰ ਧਾਰਣ ਨਾ ਕਰਨ ਦੇਣਾ ਖਾਸ ਤੌਰ ’ਤੇ ਕ੍ਰਿਪਾਨ ਨਾ ਧਾਰਣ ਕਰਨ ਦੇਣਾ, ਧਾਰਮਿਕ ਆਜ਼ਾਦੀ ਵਿਚ ਰੁਕਾਵਟ ਹੈ ਤੇ ਇਹ ਆਪਸੀ ਤੇ ਭਾਰਤ ਵਿਚ ਭਾਂਤ ਭਾਂਤ ਦੇ ਧਰਮਾਂ ਤੇ ਸਭਿਆਚਾਰਾਂ ਦੇ ਸਨਮਾਨ ਦੇ ਖਿਲਾਫ ਹੈ।
ਬਾਦਲ ਨੇ ਡਾ. ਐਸ ਜੈਸ਼ੰਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਯੂ ਏ ਈ ਅਧਿਕਾਰੀਆਂ ਅਤੇ ਸਬੰਧਤ ਕੌਮਾਂਤਰੀ ਏਜੰਸੀਆਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਤਾਂ ਜੋ ਉਹਨਾਂ ਨੂੰ ਸਿੱਖ ਕੱਕਾਰਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜ ਕੱਕਾਰਾਂ ਵਿਚੋਂ ਇਕ ਕ੍ਰਿਪਾਨ ਇਕ ਪਵਿੱਤਰ ਪ੍ਰਤੀਕ ਹੈ ਅਤੇ ਇਹ ਸਿੱਖ ਕੌਮ ਦੀ ਵਿਲੱਖਣ ਪਛਾਣ ਦਾ ਹਿੱਸਾ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਾਰਨ ਕਰਨੀ ਲਾਜ਼ਮੀ ਕਰਾਰ ਦਿੰਤੀ ਹੈ। ਉਹਨਾਂ ਕਿਹਾ ਕਿ ਇਸਦੀ ਅਧਿਆਤਮਕ ਤੇ ਪ੍ਰਤੀਕਆਤਮਕ ਪਛਾਣ ਸਿੱਖਾਂ ਨੂੰ ਜ਼ਬਰ ਤੇ ਜੁ਼ਲਮ ਖਿਲਾਫ ਡਟੇ ਰਹਿਣ ਅਤੇ ਦਬੇ ਕੁਚਲੇ ਵਰਗ ਦੀ ਰਾਖੀ ਵਾਸਤੇ ਪ੍ਰੇਰਿਤ ਕਰਦੀ ਹੈ ਤੇ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੀ। ਉਹਨਾਂ ਕਿਹਾ ਕਿ ਧਾਰਮਿਕ ਮਾਨਤਾ ਕਰ ਕਰਕੇ ਹੀ ਸਿੱਖਾਂ ਵਾਸਤੇ ਕ੍ਰਿਪਾਨ ਧਾਰਨ ਕਰਨੀ ਲਾਜ਼ਮੀ ਹੁੰਦੀ ਹੈ।