ਰੂਪਨਗਰ, 6 ਜੂਨ (ਖ਼ਬਰ ਖਾਸ ਬਿਊਰੋ)
ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਸ਼੍ਰੀਮਤੀ ਨਵਜੋਤ ਕੌਰ ਸੋਹਲ ਦੇ ਨਿਰਦੇਸ਼ਾਂ ਉੱਤੇ ਚਲਾਈ ਜਾ ਰਹੀ “ਰੁੱਖ ਲਗਾਓ ਮੁਹਿੰਮ” ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੇ ਨਾਲ-ਨਾਲ ਰੂਪਨਗਰ ਸੈਸ਼ਨ ਡਵੀਜ਼ਨ ਦੇ ਸਮੂਹ ਜੂਡੀਸ਼ੀਅਲ ਅਫਸਰਾਂ ਵਲੋਂ ਵਲੋਂ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਬੂਟੇ ਲਗਾਏ ਗਏ।
ਇਸ ਮੌਕੇ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਕਿਹਾ ਕਿ ਰੁੱਖ ਸਾਡੀ ਧਰਤੀ ਦੀ ਸ਼ਾਨ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ, ਜਲਵਾਯੂ ਸੰਤੁਲਨ ਬਣਾਈ ਰੱਖਦੇ ਹਨ ਅਤੇ ਪ੍ਰਾਣੀ ਜਗਤ ਲਈ ਆਸਰਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਆਧੁਨਿਕ ਵਿਕਾਸ ਦੇ ਨਾਮ ‘ਤੇ ਅਸੀਂ ਰੋਜ਼ਾਨਾ ਲੱਖਾਂ ਰੁੱਖਾਂ ਨੂੰ ਕੱਟ ਰਹੇ ਹਾਂ। ਇਸ ਕਾਰਨ ਨਾਲ ਪ੍ਰਦੂਸ਼ਣ ਵਧ ਰਿਹਾ ਹੈ, ਮੌਸਮ ਬਦਲ ਰਿਹਾ ਹੈ ਅਤੇ ਪ੍ਰਕਿਰਤੀ ਦੇ ਸੰਤੁਲਨ ‘ਚ ਰੁਕਾਵਟ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ ਦਾ ਉਦੇਸ਼ ਹੈ ਕਿ ਹਰ ਇੱਕ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਘੱਟੋ-ਘੱਟ ਇੱਕ ਰੁੱਖ ਲਗਾਏ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਇਲਾਕਾ ਵਾਸੀਆਂ ਨੂੰ ਘੱਟੋ-ਘੱਟ ਇੱਕ ਦਰੱਖਤ ਲਗਾਉਣ ਅਤੇ ਵਾਤਾਵਰਨ ਨੂੰ ਮੁੜ ਹਰਿਆ ਭਰਿਆ ਬਣਾਉਣ ਲਈ ਆਪਣਾ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ, ਏ.ਡੀ.ਜੇ-ਸਹਿਤ-ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਸ਼੍ਰੀਮਤੀ ਮੋਨਿਕਾ ਗੋਇਲ, ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਮੋਹਿਤ ਬਾਂਸਲ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪੁਸ਼ਪਿੰਦਰ ਸਿੰਘ, ਸਕੱਤਰ, ਡੀ.ਐਲ.ਐਸ.ਏ ਸ਼੍ਰੀਮਤੀ ਅਮਨਦੀਪ ਕੌਰ, ਜੇ.ਐਮ.ਆਈ.ਸੀ ਸ. ਜਗਮੀਤ ਸਿੰਘ, ਜੇ.ਐਮ.ਆਈ.ਸੀ ਸ਼੍ਰੀਮਤੀ ਜੋਸ਼ਿਕਾ ਸੂਦ, ਜੇ.ਐਮ.ਆਈ.ਸੀ ਮਿਸ ਕਾਮਿਨੀ, ਜੇ.ਐਮ.ਆਈ.ਸੀ ਮਿਸ ਅਨੱਨਿਆ ਰਿਸ਼ੀ ਅਤੇ ਜੇ.ਐਮ.ਆਈ.ਸੀ ਮਿਸ ਮਨੀਸ਼ਾ, ਚੀਫ ਲੀਗਲ ਏਡ ਕੌਂਸਲ ਰਾਜਬੀਰ ਸਿੰਘ ਰਾਏ ਨੇ ਵੀ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਇਆ।