ਸਰਕਾਰੀ ਸਕੂਲਾਂ ਦੇ 44 ਵਿਦਿਆਰਥੀਆਂ ਨੇ ਆਈ.ਆਈ.ਟੀਜ਼. ਵਿੱਚ ਮਾਰੀ ਐਂਟਰੀ, ਅਗਲੇ ਸਾਲ ਗਿਣਤੀ ਦੁੱਗਣੀ ਕਰਨ ਦਾ ਟੀਚਾ

ਚੰਡੀਗੜ੍ਹ, 5 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਵਿਸ਼ਵ ਪੱਧਰੀ ਸਿੱਖਿਆ ਨੂੰ ਯਕੀਨੀ ਬਣਾ ਕੇ ਅਕਾਦਮਿਕ ਉੱਤਮਤਾ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਆਉਣ ਵਾਲੇ ਸੈਸ਼ਨ ਵਿੱਚ ਇੰਡੀਅਨ ਇੰਸਟੀਚਿਊਟਜ਼ ਆਫ ਟੈਕਨੋਲੌਜੀ (ਆਈ.ਆਈ.ਟੀਜ਼.) ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ।

ਇਹ ਕਦਮ ਇਸ ਸਾਲ 44 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਖ਼ਤ ਮੁਕਾਬਲੇ ਵਾਲੀ ਜੇ.ਈ.ਈ. (ਐਡਵਾਂਸਡ) ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।

ਅੱਜ ਇਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਇਸ ਸਫ਼ਲਤਾ ਦਾ ਸਿਹਰਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਪ੍ਰੋਗਰਾਮ ,ਜੋ ਨਵੰਬਰ 2023 ਵਿੱਚ ਸ਼ੁਰੂ ਕੀਤਾ ਗਿਆ ਸੀ, ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ਸਮਰੱਥ ਬਣਾਉਣ ਨੂੰ ਦਿੱਤਾ। ‘ਪੇਸ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਲਾਈਵ ਔਨਲਾਈਨ ਕਲਾਸਾਂ, ਸਵਾਲ-ਜਵਾਬ ਸੈਸ਼ਨ, ਮੌਕ ਟੈਸਟ ਅਤੇ ਰੈਜ਼ੀਡੈਂਸ਼ੀਅਲ ਕੈਂਪ ਕੋਚਿੰਗ ਸ਼ਾਮਲ ਹਨ। ਇਸ ਪਹਿਲਕਦਮੀ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਆਪਣੇ ਸਾਥੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾ ਕੇ ਵਿੱਤੀ ਪਾੜੇ ਨੂੰ ਪੂਰਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਿੱਖਿਆ ਮੰਤਰੀ ਨੇ ਕਿਹਾ ਕਿ ਜੇਈਈ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ‘ਤੇ ਹੋਣ ਵਾਲਾ ਖਰਚਾ- ਜੋ ਅਕਸਰ ਲੱਖਾਂ ਰੁਪਏ ਵਿੱਚ ਆਉਂਦਾ ਹੈ – ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਵੱਡੀ ਰੁਕਾਵਟ ਬਣਦਾ ਰਿਹਾ ਹੈ। ‘ਪੇਸ’ ਪ੍ਰੋਗਰਾਮ ਨੇ ਇਸ ਮਸਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਦਿਆਂ ਇਹ ਯਕੀਨੀ ਬਣਾਇਆ ਹੈ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਵਿੱਤੀ ਰੁਕਾਵਟਾਂ ਕਾਰਨ ਪੜ੍ਹਾਈ ਅਤੇ ਕਰੀਅਰ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ।

ਇਸ ਪਹਿਲਕਦਮੀ ਦੀ ਪ੍ਰਭਾਵਸ਼ੀਲਤਾ ਬਾਰੇ ਗੱਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਪੇਸ’ ਇੱਕ ਕੋਚਿੰਗ ਪ੍ਰੋਗਰਾਮ ਤੋਂ ਕਿਤੇ ਵਧਕੇ ਹੈ ਜੋ ਪੇਂਡੂ ਖੇਤਰਾਂ, ਛੋਟੇ ਕਸਬਿਆਂ ਅਤੇ ਪੱਛੜੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਦੇ ਯੋਗ ਬਣਾਉਂਦਿਆ ਇਹ ਸਾਬਤ ਕਰਦਾ ਹੈ ਕਿ ਯੋਗ ਤੇ ਸਹੀ ਸਹਾਇਤਾ ਨਾਲ, ਪ੍ਰਤਿਭਾ ਕਿਤੇ ਵੀ ਵਧ-ਫੁੱਲ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਯਤਨਾਂ ਨੇ ਪਹਿਲਾਂ ਹੀ ਪ੍ਰਭਾਵਸ਼ਾਲੀ ਨਤੀਜੇ ਦਿੱਤੇ ਹਨ, ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 44 ਵਿਦਿਆਰਥੀਆਂ ਨੇ ਸਖ਼ਤ ਮੁਕਾਬਲੇ ਵਾਲੀ ਜੇਈਈ ਐਡਵਾਂਸਡ ਪ੍ਰੀਖਿਆ ਨੂੰ ਸਫ਼ਲਤਾਪੂਰਵਕ ਪਾਸ ਕੀਤਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਿੱਖਿਆ ਕ੍ਰਾਂਤੀ ਹੈ ਅਤੇ ਅਸੀਂ ਸਿਰਫ਼ ਮੋਹਾਲੀ, ਲੁਧਿਆਣਾ ਜਾਂ ਜਲੰਧਰ ਵਰਗੇ ਕੁਝ ਵੱਡੇ ਸ਼ਹਿਰਾਂ ‘ਤੇ ਧਿਆਨ ਕੇਂਦਰਿਤ ਨਹੀਂ ਕਰ ਰਹੇ ਸਗੋਂ ਸਾਡਾ ਉਦੇਸ਼ ਰਾਜ ਭਰ ਦੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਂਦਿਆਂ ਉਨ੍ਹਾਂ ਨੂੰ ਸਫ਼ਲ ਹੋਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਦਿਆਂ ਹੋਰ ਵਿਦਿਆਰਥੀਆਂ ਤੱਕ ਪਹੁੰਚ ਲਈ ਪ੍ਰੋਗਰਾਮ ਦੇ ਵਿਸਥਾਰ ਦੀ ਯੋਜਨਾ ਬਣਾ ਰਹੇ ਹਾਂ। ਸ. ਬੈਂਸ ਨੇ ਅੱਗੇ ਕਿਹਾ ਕਿ ਕਰੀਅਰ ਸਬੰਧੀ ਫੈਸਲਿਆਂ ਵਿੱਚ ਵਿਦਿਆਰਥੀਆਂ ਦੀ ਮਦਦ ਲਈ ਉਨ੍ਹਾਂ ਨੂੰ ਜ਼ਰੂਰੀ ਸਲਾਹ ਅਤੇ ਸੇਧ ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

—ਬੈਂਸ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਅੰਬ ਦਾ ਬੂਟਾ ਲਾਇਆ

ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਇੱਥੇ ਪੰਜਾਬ ਭਵਨ ਵਿਖੇ ਅੰਬ ਦਾ ਬੂਟਾ ਲਾਇਆ।ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਸਰਕਾਰੀ ਸਕੂਲਾਂ ਵਿੱਚ 96,000 ਤੋਂ ਵੱਧ ਬੂਟੇ ਅਤੇ ਹਜ਼ਾਰਾਂ ਟ੍ਰੀ ਗਾਰਡ ਲਾਏ ਗਏ ਹਨ। ਇਹ ਪਹਿਲ ਪੰਜਾਬ ਸਰਕਾਰ ਦੇ ਹਰਿਆਲੀ ਅਧੀਨ ਰਕਬੇ ਨੂੰ ਵਧਾਉਣ ਅਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ।

Leave a Reply

Your email address will not be published. Required fields are marked *