ਮੁਹਾਲੀ 1 ਜੂਨ (ਖ਼ਬਰ ਖਾਸ ਬਿਊਰੋ)
ਕਾਂਗਰਸ ਪਾਰਟੀ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ” ਸੰਵਿਧਾਨ ਬਚਾਓ ਰੈਲੀਆਂ” ਸਿਆਸੀ ਡਰਾਮਾ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਾਂਗਰਸ ਪਾਰਟੀ ਆਪਣੀ ਖਿਸਕੀ ਸਿਆਸੀ ਜ਼ਮੀਨ ਬਚਾਉਣ ਲਈ ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਮ ਤੇ ਦੇਸ਼ ਦੇ ਮਿਹਨਤਕਸ਼ ਕਿਰਤੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੋਝਾ ਯਤਨ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਨੇ ਸਾਲ 1952 ਵਿੱਚ ਹੋਈਆਂ ਆਮ ਪਾਰਲੀਮਾਨੀ ਚੋਣਾਂ ਦੌਰਾਨ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਨੂੰ ਆਪਣੇ ਉਮੀਦਵਾਰ ਨਾਰਾਇਣ ਸਦੋਬਾ ਕਾਜਰੋਲਕਰ ਰਾਹੀਂ ਮੁੰਬਈ ਸੀਟ ਤੋਂ ਹਰਾਇਆ ਸੀ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਕਾਂਗਰਸ ਦੇ ਦੋਹਰੇ ਚਿਹਰੇ ਅਤੇ ਉਸਦੇ ਦਲਿਤ ਅਤੇ ਸਿੱਖ ਵਿਰੋਧੀ ਕੁਲਿਹਣੇ ਕਿਰਦਾਰ ਬਾਰੇ ਲੋਕ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੀ ਕਾਤਲ ਪਾਰਟੀ ਕਾਂਗਰਸ ਦੇ ਕਿਸੇ ਵੀ ਬਹਿਕਾਵੇ ਵਿੱਚ ਆਉਣ ਦੀ ਬਜਾਏ ਆਪਣੀ ਮਾਂ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਤਾਂ ਜੋ ਸੂਬੇ ਦਾ ਬਹੁਪੱਖੀ ਵਿਕਾਸ ਕੀਤਾ ਜਾ ਸਕੇ।