ਚੰਡੀਗੜ੍ਹ, 27 ਮਈ (ਖਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਅਫਸਰ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐਮ ਬੀ) ਦਾ ਮੈਂਬਰ ਸਿੰਜਾਈ ਨਿਯੁਕਤ ਕਰਕੇ ਇਸ ’ਤੇ ਹਰਿਆਣਾ ਦਾ ਕਬਜ਼ਾ ਕਰਵਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿਚ ਹਰਿਆਣਾ ਵੱਲੋਂ ਬੀ ਬੀ ਐਮ ਬੀ ’ਤੇ ਕਬਜ਼ਾ ਕਰਨ ਦਾ ਮੁੱਦਾ ਚੁੱਕਣ ਵਿਚ ਅਸਫਲ ਰਹਿਣ ਦੀ ਵੀ ਨਿਖੇਧੀ ਕੀਤੀ।ਉਹਨਾਂ ਕਿਹਾ ਕਿ ਬਜਾਏ ਪੰਜਾਬ ਦੇ ਮੁੱਦੇ ਚੁੱਕਣ ਦੇ ਮੁੱਖ ਮੰਤਰੀ ਤਾਂ ਕੇਂਦਰ ਸਰਕਾਰ ਨੂੰ ਖੁਸ਼ ਕਰਨ ਵਿਚ ਲੱਗੇ ਰਹੇ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੇ ਸੀਨੀਅਰ ਅਫਸਰ ਨੂੰ ਬੀ ਬੀ ਐਮ ਬੀ ਦਾ ਮੈਂਬਰ ਸਿੰਜਾਈ ਨਿਯੁਕਤ ਕਰਨਾ, ਪੰਜਾਬ ਨਾਲ ਧੋਖਾ ਹੈ ਤੇ ਮੁੱਖ ਮੰਤਰੀ ਮੈਂਬਰ ਪੰਜਾਬ ਦੇ ਅਫਸਰਾਂ ਵਿਚੋਂ ਨਿਯੁਕਤ ਕਰਨ ਦੀ ਲੋੜ ਦਾ ਮੁੱਦਾ ਚੁੱਕ ਹੀ ਨਹੀਂ ਸਕੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਬਜਾਏ ਕੋਈ ਠੋਸ ਕਦਮ ਚੁੱਕਣ ਦੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਧਰਨੇ ਦਾ ਜਾਅਲੀ ਡਰਾਮਾ ਕੀਤਾ ਜਿਸ ਨਾਲ ਸੂਬੇ ਦੇ ਹਿੱਤਾਂ ਨਾਲ ਹੋਰ ਸਮਝੌਤਾ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਨੰਗਲ ਡੈਮ ’ਤੇ ਨੀਮ ਫੌਜੀ ਦਸਤੇ ਸੁਰੱਖਿਆ ਵਾਸਤੇ ਤਾਇਨਾਤ ਕਰ ਦਿੱਤੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀਆਂ ਹਰਕਤਾਂ ’ਤੇ ਸ਼ਰਮ ਆਉਣੀ ਚਾਹੀਦੀ ਹੈ।ਇਤਿਹਾਸ ਉਹਨਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਤੁਸੀਂ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।