ਚੰਡੀਗੜ੍ਹ 23 ਮਈ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਲੁਧਿਆਣਾ ‘ਚ 24,000 ਏਕੜ ਤੋਂ ਵੱਧ ਉਪਜਾਊ ਜ਼ਮੀਨ ਹੜੱਪਣ ਦੀ ਸਰਕਾਰੀ ਯੋਜਨਾ ਪੰਜਾਬ ਦੇ ਕਿਸਾਨਾਂ ਉੱਤੇ ਹਮਲਾ ਹੈ ਜੋ ਲਗਭਗ 20,000 ਪਰਿਵਾਰਾਂ ਨੂੰ ਉਜਾੜ ਸਕਦੀ ਹੈ। “ਇਹ ਸਿਰਫ਼ ਜ਼ਮੀਨ ਹੜੱਪਣ ਦੀ ਗੱਲ ਨਹੀਂ – ਇਹ ਕਿਸਾਨਾਂ ਦੀ ਰੋਜੀ-ਰੋਟੀ, ਕੱਪੜੇ ਤੇ ਮਕਾਨ ਹੜੱਪਣ ਦੀ ਗੱਲ਼ ਹੈ। ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਇਹ AAP ਦੀ ਪੰਜਾਬ ਸਰਕਾਰ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਹੋਵੇਗੀ।”
ਸ.ਬਰਾੜ ਨੇ ਕਿਹਾ ਕਿ ਮਾਨ ਸਰਕਾਰ ਤਰੱਕੀ ਦੀ ਝੂਠੀ ਝਲਕ ਪੇਸ਼ ਕਰਕੇ ਨਿੱਜੀ ਰੀਅਲ ਅਸਟੇਟ ਅਤੇ ਦਿੱਲੀ ਆਧਾਰਿਤ ਕਾਰਪੋਰੇਟ ਅਧਾਰਿਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ। “ਅਸੀਂ ਪੁੱਛਦੇ ਹਾਂ — ਤੁਹਾਡੇ ‘ਤਰੱਕੀ’ ਦੇ ਨਾਅਰੇ ਹੇਠ ਜੇ ਕੋਈ ਆਪਣਾ ਘਰ, ਆਪਣੀ ਜ਼ਮੀਨ ਅਤੇ ਆਪਣਾ ਭਵਿੱਖ ਗਵਾ ਰਿਹਾ ਹੈ, ਤਾਂ ਉਹ ਕਿਹੜੀ ਤਰੱਕੀ ਹੋਈ?” ਉਨ੍ਹਾਂ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਆਪ ਪਾਰਟੀ ਨੇ ਪੰਜਾਬੀਆਂ ਨਾਲ ਵਾਧਾ ਕਰਕੇ ਭਰੋਸਾ ਤੋੜਿਆ ਹੈ। “ਲੋਕਾਂ ਨੇ ਬਦਲਾਅ ਲਈ ਵੋਟ ਪਾਈ ਸੀ, ਪਰ ਲੁੱਟ, ਝੂਠ ਤੇ ਦਿੱਲੀ ਵਾਲਿਆਂ ਦੀ ਰਾਜਨੀਤੀ ਮਿਲੀ।”
ਸ. ਬਰਾੜ ਨੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਅਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੁਧਿਆਣਾ ਦੇ ਮੁੱਦੇ ਤੋਂ ਹਟਾਉਣ ਦੀ ਕੋਸ਼ਿਸ਼ ਦੱਸਿਆ। “ਇਹ ਸਿਰਫ਼ ਧਿਆਨ ਭਟਕਾਉਣ ਵਾਲੀਆਂ ਚਾਲਾਂ ਹਨ। ਅਸੀਂ ਲੋਕਾਂ ਨੂੰ ਸੱਚ ਦੱਸਾਂਗੇ, ਕਿਸਾਨਾਂ ਦੇ ਨਾਲ ਖੜ੍ਹੇ ਰਹਾਂਗੇ।”
ਸਰਕਾਰ ਨੂੰ ਖੁੱਲੀ ਚੇਤਾਵਨੀ, “ਜੇਕਰ ਇਹ ਜ਼ਮੀਨ ਹੜੱਪਣ ਦੀ ਯੋਜਨਾ ਰੱਦ ਨਹੀਂ ਕੀਤੀ ਗਈ, ਤਾਂ ਭਾਜਪਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰੇਗੀ। ਅਸੀਂ ਇੱਕ ਜਨ ਆੰਦੋਲਨ ਖੜਾ ਕਰਾਂਗੇ। ਸਿਆਸੀ ਫ਼ਾਇਦੇ ਲਈ ਦਿੱਲੀ ਦੀ ਪਾਰਟੀ ਨੂੰ ਪੰਜਾਬ ਨਿਲਾਮ ਨਹੀਂ ਕਰਨ ਦਿੱਤਾ ਜਾਵੇਗਾ।” ਪੰਜਾਬ ਵਿਕਾਉ ਨਹੀਂ ਹੈ— ਪੰਜਾਬ ਸਿਰਫ਼ ਪੰਜਾਬੀਆਂ ਲਈ ਹੈ।