ਚੰਡੀਗੜ੍ਹ, 20 ਮਈ (ਖ਼ਬਰ ਖਾਸ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੈਂਡ ਗ੍ਰੰਥੀ ਵੱਲੋਂ ਭਾਰਤੀ ਫੌਜ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਦਿੱਤੇ ਬਿਆਨ ਕਰੋੜਾ ਲੋਕਾਂ ਦੀ ਧਾਰਮਿਕ ਭਾਵਨਾ/ਵਿਸ਼ਵਾਸ ਦੇ ਕੇਂਦਰ ਦਰਬਾਰ ਸਾਹਿਬ ਬਾਰੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਹਰ ਬਿਆਨ ਬਹੁ-ਅਰਥੀ/ਬਹੁ-ਮੰਤਵੀ ਹੁੰਦਾ ਹੈ, ਉੱਤੇ ਕੀਤੀ ਟਿਪਣੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ।
ਇਕ ਸਾਂਝੇ ਬਿਆਨ ਵਿੱਚ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਭਾਰਤੀ ਫੌਜ ਦੇਸ਼ ਦਾ ਸਰਬ-ਪ੍ਰਵਾਨਤ ਅਤੇ ਭਰੋਸੇਯੋਗ ਅਦਾਰਾ ਹੈ। ਇਸ ਕਰਕੇ ਇਸ ਅਦਾਰੇ ਦੀ ਭਰੋਸੇਯੋਗਤਾ ਬਣਾ ਕੇ ਰੱਖਣ ਵਿੱਚ ਹਰ ਭਾਰਤੀ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੁਆਲੇ ਹਵਾਈ ਸੁਰੱਖਿਆ ਛੱਤਰੀ ਲਾਉਣ ਦੀ ਕੋਈ ਇਜ਼ਾਜਤ ਨਹੀਂ ਮੰਗੀ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਹੈ, ਸਗੋਂ ਸ਼੍ਰੋਮਣੀ ਕਮੇਟੀ ਨੇ ਮਈ 7 ਅਤੇ 8 ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਬਲੈਕ ਆਉਟ’ ਆਦਿ ਸਬੰਧੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਅਤੇ ਨਾਲ ਨਾਲ ਸਿੱਖ ਮਰਿਆਦਾ ਸਬੰਧੀ ਲੋੜਾਂ ਨੂੰ ਵੀ ਤਾਲਮੇਲ ਵਿੱਚ ਲਿਆਂਦਾ।
ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਦਰਬਾਰ ਸਾਹਿਬ ਬਾਰੇ ਹਰ ਟਿਪਣੀ ਸਿੱਖ ਸ਼ਰਧਾਲੂਆਂ ਨੂੰ 1980ਵਿਆਂ ਦੇ ਦਿਨਾਂ ਦੀ ਯਾਦ/ ਪਿਛੋਕੜ ਨੂੰ ਤਾਜ਼ਾ ਕਰਾ ਦਿੰਦੀ ਹੈ। ਇਸ ਕਰਕੇ, ਦਰਬਾਰ ਸਾਹਿਬ ਨੂੰ ਕਿਸੇ ਸੁਰੱਖਿਆ ਸਬੰਧੀ ਮਸਲਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ।