ਏ ਆਈ ਜੀ ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਯੂ ਪੀ ਐੱਸ ਸੀ ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ

ਰੂਪਨਗਰ, 20 ਮਈ (ਖ਼ਬਰ ਖਾਸ ਬਿਊਰੋ)
2015 ਬੈਚ ਦੇ ਆਈ.ਪੀ.ਐਸ, ਆਈ ਜੀ ਕਾਊਂਟਰ ਇੰਟੈਲੀਜੈਂਸ ਡਾ. ਰਵਜੋਤ ਗਰੇਵਾਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨਾਲ਼ ਯੂ ਪੀ ਐੱਸ ਸੀ ਦੀ ਤਿਆਰੀ ਕਰਨ ਦੇ ਨੁਕਤੇ ਸਾਂਝੇ ਕੀਤੇ।

‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ ਲਗਾਏ ਖ਼ਾਸ ਸੈਸ਼ਨ ਵਿੱਚ ਗੱਲਬਾਤ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸੱਭ ਤੋ ਪਹਿਲਾਂ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਉਦੇਸ਼ ਨੂੰ ਲੈ ਕੇ ਫੈਸਲਾਕੁਨ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ਵਿਚ ਕਿਹੜੇ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਉਸ ਵਿਸ਼ੇ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

ਰਵਜੋਤ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਜੇਕਰ ਮੋਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਮੇਲਾਨੀਆ ਟਰੰਪ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਨਹੀਂ ਜਾਂਦੀ - ਚੀਮਾ

ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਵਜੋਤ ਗਰੇਵਾਲ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲਦੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।

ਉਨ੍ਹਾਂ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ, ਸਕੂਲੀ ਵਰਦੀ ‘ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।

ਹੋਰ ਪੜ੍ਹੋ 👉  ਸਰਕਾਰੀ ਸਕੂਲਾਂ ਦੇ 600 ਵਿਦਿਆਰਥੀਆਂ ਦੀ ਰੈਜ਼ੀਡੈਂਸ਼ੀਅਲ ਕੋਚਿੰਗ ਕੈਂਪ ਵਿੱਚ ਜੇ.ਈ.ਈ ਅਤੇ ਨੀਟ ਕੋਚਿੰਗ ਲਈ ਚੋਣ

ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ।

ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।

ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਈ.ਪੀ.ਐਸ ਰਵਜੋਤ ਗਰੇਵਾਲ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।

ਹੋਰ ਪੜ੍ਹੋ 👉  ਗੁਰੂ ਸਾਹਿਬ ਦੇ ਸਤਾਬਦੀ ਸਮਾਗਮਾਂ ’ਚ ਲੋਕ ਸ਼ਾਮਲ ਹੋਣ, ਧਾਮੀ ਸਾਹਿਬ ਵਿਸ਼ੇਸ਼ ਧਿਰ ਦਾ ਆਗੂ ਨਾ ਬਣਨ -ਸੰਧਵਾਂ

Leave a Reply

Your email address will not be published. Required fields are marked *