ਸਰਹੱਦ ਪਾਰ ਦੇ ਤਸਕਰੀ ਨੈੱਟਵਰਕਾਂ ਨੂੰ ਵੱਡਾ ਝਟਕਾ; ਅੰਮ੍ਰਿਤਸਰ ਵਿਖੇ 45.19 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ, 17 ਮਈ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਨਸ਼ਾ ਕਾਰੋਬਾਰੀਆਂ ਦੇ ਗੱਠਜੋੜ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਨ੍ਹਾਂ ਮੁਲਜ਼ਮਾਂ ਕੋਲੋਂ 1.01 ਕਿਲੋ ਹੈਰੋਇਨ, 45.19 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਨਕਦੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਠੱਠੀ ਸੋਹਲ ਦੇ ਰਾਹੁਲ ਸਿੰਘ ਉਰਫ਼ ਕਾਲੂ (20), ਅੰਮ੍ਰਿਤਸਰ ਦੇ ਪਿੰਡ ਸੁਧਾਰ ਰਾਜਪੂਤਾਂ ਦੇ ਗੁਰਮੁਖ ਸਿੰਘ (21) ਅਤੇ ਅੰਮ੍ਰਿਤਸਰ ਦੇ ਪਿੰਡ ਅਕਾਲਗੜ੍ਹ ਢਪੱਈਆਂ ਦੇ ਵਰਿੰਦਰਪਾਲ ਸਿੰਘ (32) ਵਜੋਂ ਹੋਈ ਹੈ।

ਹੋਰ ਪੜ੍ਹੋ 👉  ਫੀਲਡ ਮੁਲਾਜ਼ਮ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਖਿਲਾਫ ਚੰਡੀਗੜ੍ਹ ਵਿਖੇ ਦੇਣਗੇ ਰੋਸ ਧਰਨਾਂ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਐਨਡੀਪੀਐਸ ਐਕਟ ਤਹਿਤ ਦੋ ਵੱਖ-ਵੱਖ ਐਫਆਈਆਰ ਪੁਲਿਸ ਥਾਣਾ – ਗੇਟ ਹਕੀਮਾਂ ਅਤੇ ਪੁਲਿਸ ਥਾਣਾ ਵੇਰਕਾ ਵਿਖੇ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਤਸਕਰੀ ਮਾਡਿਊਲ ਦਾ ਪਤਾ ਲਗਾਉਣ ਲਈ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਪਹਿਲੇ ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੀਆਈਏ-2 ਦੀਆਂ ਪੁਲਿਸ ਟੀਮਾਂ ਨੇ ਮੁਲਜ਼ਮ ਰਾਹੁਲ ਉਰਫ਼ ਕਾਲੂ ਨੂੰ, ਅੰਮ੍ਰਿਤਸਰ ਦੇ ਆਨੰਦ ਵਿਹਾਰ ਵਿੱਚ ਉਸਦੇ ਕਿਰਾਏ ਦੇ ਘਰ ਤੋਂ 510 ਗ੍ਰਾਮ ਹੈਰੋਇਨ, 30.18 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਨਕਦੀ ਗਿਣਨ ਵਾਲੀ ਮਸ਼ੀਨ ਸਮੇਤ ਗ੍ਰਿਫਤਾਰ ਕੀਤਾ।

ਹੋਰ ਪੜ੍ਹੋ 👉  ਪ੍ਰਦਰਸ਼ਨਾਂ 'ਤੇ ਪਾਬੰਦੀ ਗੈਰ-ਜਮਹੂਰੀ, ਇਹ ਪੰਜਾਬ ਯੂਨੀਵਰਸਿਟੀ ਦਾ ਤਾਨਾਸ਼ਾਹੀ ਹੁਕਮ - ਮੀਤ ਹੇਅਰ

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਹੁਲ ਵਿਦੇਸ਼-ਅਧਾਰਤ ਨਸ਼ਾ ਤਸਕਰ ਟੋਨੀ ਜਰਮਨ ਦੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਉਪਰੰਤ ਸਥਾਨਕ ਤੌਰ ’ਤੇ ਸਪਲਾਈ ਕਰ ਰਿਹਾ ਸੀ। ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 25 ਤਹਿਤ 16/5/2025 ਨੂੰ ਐਫਆਈਆਰ ਨੰਬਰ 117 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸੇ ਲੜੀ ਵਿੱਚ ਦੂਜੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸੀ.ਪੀ. ਨੇ ਕਿਹਾ ਕਿ ਥਾਣਾ ਵੇਰਕਾ ਦੀਆਂ ਪੁਲਿਸ ਟੀਮਾਂ ਨੇ ਗੁਰਮੁਖ ਸਿੰਘ ਅਤੇ ਵਰਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਚੋਂ 500 ਗ੍ਰਾਮ ਹੈਰੋਇਨ, 15.19 ਲੱਖ ਰੁਪਏ ਦੀ ਡਰੱਗ ਮਨੀ ਅਤੇ ਕੈਮਰੇ ਵਾਲਾ ਇੱਕ ਖਿਡੌਣੇ-ਨੁਮਾ ਡਰੋਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਪਿੰਡ ਅਕਾਲਗੜ੍ਹ ਵਿੱਚ ਸਥਿਤ ਘਰ ਵਿੱਚ ਬੈੱਡ-ਬਾਕਸ (ਗੁਪਤ ਲਾਕਰ) ਬਣਾਇਆ ਹੋਇਆ ਸੀ , ਜਿੱਥੋਂ ਇਹ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਅਭਿਆਸ ਵਜੋਂ ਖਿਡੌਣੇ- ਨੁਮਾ ਡਰੋਨ ਦੀ ਵਰਤੋਂ ਕਰ ਰਹੇ ਸਨ।

ਹੋਰ ਪੜ੍ਹੋ 👉  54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ : ਮੁੱਖ ਮੰਤਰੀ

ਇਸ ਸਬੰਧੀ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਦੇ ਵੇਰਕਾ ਪੁਲਿਸ ਥਾਣਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 25 ਅਤੇ 29 ਤਹਿਤ ਐਫਆਈਆਰ ਨੰਬਰ 40 ਮਿਤੀ 14-05-2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *