SGPC ਭਾਈ ਰਾਜੋਆਣਾ ਸੰਬੰਧੀ ਪਟੀਸ਼ਨ ਵਾਪਸ ਨਹੀਂ ਲਵੇਗੀ, ਧਾਮੀ ਦੀ ਪ੍ਰਧਾਨਗੀ ਹੇਠ ਕਾਨੂੰਨੀ ਮਾਹਿਰਾਂ ਦੀ ਹੋਈ ਮੀਟਿੰਗ

ਚੰਡੀਗੜ੍ਹ, 17 ਮਈ (ਖਬਰ ਖਾਸ ਬਿਊਰੋ)
ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਪਟੀਸ਼ਨ ਦੇ ਮਾਮਲੇ ਵਿੱਚ ਸੀਨੀਅਰ ਵਕੀਲਾਂ ਅਤੇ ਸਾਬਕਾ ਜੱਜਾਂ ਦੀ ਰਾਇ ਲੈਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬ ਆਫਿਸ ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਸ ਇਕੱਤਰਤਾ ਵਿੱਚ ਪਟੀਸ਼ਨ ਨੂੰ ਲੈ ਕੇ ਲੰਬੀ ਵਿਚਾਰ ਚਰਚਾ ਹੋਈ। ਚਰਚਾ ਦੌਰਾਨ ਇਹ ਵਿਚਾਰ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਸਰਕਾਰ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਅਤੇ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ, ਸਗੋਂ ਦ੍ਰਿੜਤਾ ਨਾਲ ਅੱਗੇ ਵੱਧਣਾ ਚਾਹੀਦਾ ਹੈ।

ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਕੌਮੀ ਮਾਮਲਾ ਹੈ, ਜਿਸ ਲਈ ਕੌਮੀ ਰਾਏ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਲੰਮੇ ਸਮੇਂ ਤੋਂ ਕਨੂੰਨੀ ਲੜਾਈ ਲੜ੍ਹ ਰਹੀ ਹੈ, ਪਰ ਸਰਕਾਰਾਂ ਦੀ ਅੜੀ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਭੁੱਗਤ ਰਹੀ ਹੈ।

ਹੋਰ ਪੜ੍ਹੋ 👉  ਨੌਵੇਂ ਪਾਤਸ਼ਾਹ ਨਾਲ ਸਬੰਧਤ ਪਵਿੱਤਰ ਅਸਥਾਨਾਂ ਵਿਖੇ 3-ਰੋਜ਼ਾ ਸੈਮੀਨਾਰ ਕਰਵਾਏ

ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਮਾਮਲੇ ਬਾਰੇ ਫੈਸਲਾ ਲੈਣ ਲਈ ਕਹਿਣ ਦੇ ਬਾਵਜੂਦ ਵੀ ਸਰਕਾਰ ਦਾ ਰਵੱਈਆ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਕਾਰਜਸ਼ੈਲੀ ਵਿਚ ਸਾਰਿਆਂ ਨੂੰ ਇਕ ਸਮਾਨ ਜਾਨਣ, ਪ੍ਰੰਤੂ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਮਾਮਲੇ ਸਬੰਧੀ ਅਪਣਾਈ ਜਾ ਰਹੀ ਪਹੁੰਚ ਸਰਕਾਰ ਦੀ ਮਨਸ਼ਾ ਤੇ ਸਵਾਲ ਖੜ੍ਹੇ ਕਰਦੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀ ਜਦੋਂ ਭਾਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਸੀ। ਇਸ ਤੇ ਵਿਚਾਰ ਲਈ ਪਹਿਲਾਂ ਸਿੱਖ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ ਅਤੇ ਫੈਡਰੇਸ਼ਨਾਂ ਨਾਲ ਮੀਟਿੰਗਾਂ ਕਰਕੇ ਵਿਚਾਰ ਲਏ ਗਏ ਹਨ। ਇਸੇ ਤਹਿਤ ਅੱਜ ਦੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਈ ਰਾਜੋਆਣਾ ਦਾ ਪਟੀਸ਼ਨ ਨੂੰ ਲੈ ਕੇ ਰੋਸ਼ ਜਾਇਜ਼ ਹੈ ਅਤੇ ਉਹ ਆਪਣੇ ਅਕੀਦੇ ਤੇ ਦ੍ਰਿੜ ਹਨ, ਪ੍ਰੰਤੂ ਇਸ ਮਾਮਲੇ ਵਿਚ ਜਲਦਬਾਜ਼ੀ ਵਿਚ ਫੈਸਲਾ ਲੈਣਾ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੰਥ ਦਾ ਨੁਮਾਇੰਦਾ ਇਕੱਠ ਬੁਲਾ ਕੇ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

ਹੋਰ ਪੜ੍ਹੋ 👉  58,962 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ, ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ-ਮੁੱਖ ਮੰਤਰੀ

ਇਕੱਤਰਤਾ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਜਸਟਿਸ ਮਨਿੰਦਰਮੋਹਨ ਸਿੰਘ ਬੇਦੀ ਸਾਬਕਾ ਜੱਜ, ਸੀਨੀਅਰ ਵਕੀਲ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਜੀ ਐਸ ਬੱਲ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸਿੱਖ ਵਿਦਵਾਨ ਡਾ ਕੇਹਰ ਸਿੰਘ, ਸ. ਕਾਹਨ ਸਿੰਘ ਪੰਨੂੰ ਸਾਬਕਾ ਆਈ ਏ ਐਸ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੀਨੀਅਰ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਐਡਵੋਕੇਟ ਪਰਮਜੀਤ ਸਿੰਘ ਬਰਾੜ, ਐਡਵੋਕੇਟ ਬਲਤੇਜ ਸਿੰਘ ਸਾਬਕਾ ਡੀ ਏ, ਐਡਵੋਕੇਟ ਬਲਵੰਤ ਸਿੰਘ ਗੁਲਿਆਨੀ, ਡਾ ਪੁਨੀਤ ਕੌਰ ਸੇਖੋਂ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਐਡਵੋਕੇਟ ਬਲਵਿੰਦਰ ਸਿੰਘ ਸੂਦਨ, ਐਡਵੋਕੇਟ ਹਰਭਜਨ ਸਿੰਘ ਥਾਂਦੀ, ਐਡਵੋਕੇਟ ਰਾਜੇਸ਼ਵਰ ਸਿੰਘ ਸੂਲਰ, ਸ਼੍ਰੋਮਣੀ ਕਮੇਟੀ ਸਕੱਤਰ ਇੰਜੀ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਲਖਬੀਰ ਸਿੰਘ, ਇੰਚਾਰਜ ਸ. ਅਜ਼ਾਦਦੀਪ ਸਿੰਘ, ਮੈਨੇਜਰ ਰਾਜਿੰਦਰ ਸਿੰਘ ਟੌਹੜਾ ਆਦਿ ਹਾਜ਼ਰ ਸਨ।

ਹੋਰ ਪੜ੍ਹੋ 👉  SGPC ਪ੍ਰਧਾਨ ਧਾਮੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ’ਚ ਸ਼ਾਮਲ ਹੋਏ, ਸੰਘਰਸ਼ ਦਾ ਕੀਤਾ ਸਮਰਥਨ

Leave a Reply

Your email address will not be published. Required fields are marked *