ਚੰਡੀਗੜ੍ਹ, 16 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪ੍ਰਮੁੱਖ ਗੁਜਰਾਤੀ ਅਖ਼ਬਾਰ “ਗੁਜਰਾਤ ਸਮਾਚਾਰ” ਦੇ ਮਾਲਕ ਅਤੇ ਡਾਇਰੈਕਟਰ ਬਾਹੂਬਲੀ ਸ਼ਾਹ ਨੂੰ ਦੋ ਦਹਾਕੇ ਪੁਰਾਣੇ ਇੱਕ ਕੇਸ ਵਿਚ ਈ.ਡੀ ਵੱਲੋਂ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ।
ਯੂਨੀਅਨ ਦੇ ਸੂਬਾਈ ਚੇਅਰਮੈਨ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਬਾਹੂਬਲੀ ਸ਼ਾਹ ਦੀ ਗ੍ਰਿਫ਼ਤਾਰੀ ਨੂੰ ਪ੍ਰੈੱਸ ਦੀ ਅਜ਼ਾਦੀ ਉਪਰ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 90 ਸਾਲ ਪੁਰਾਣੇ ਪ੍ਰਮੁੱਖ ਗੁਜਰਾਤੀ ਅਖ਼ਬਾਰ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਵੀ ਅਹਿਮ ਯੋਗਦਾਨ ਪਾਇਆ ਸੀ ਅਤੇ ਪਿਛਲੇ ਸਮੇਂ ਤੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਗੁਜਰਾਤ ਦੀ ਸੂਬਾਈ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੇਬਾਕੀ ਨਾਲ ਲਿਖਣ ਵਾਲੇ ਅਖ਼ਬਾਰ ਦੀ ਅਵਾਜ਼ ਬੰਦ ਕਰਨ ਦਾ ਯਤਨ ਹੈ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਈ.ਡੀ ਵੱਲੋਂ ਲੋਕ ਪ੍ਰਕਾਸ਼ਨ ਸਮੂਹ ਦੇ ਅਹਿਮਦਾਬਾਦ ਕੰਪਲੈਕਸ ਵਿੱਚ 36 ਘੰਟੇ ਦੀ ਛਾਪੇਮਾਰੀ ਬਾਅਦ ਬਜ਼ੁਰਗ ਪੱਤਰਕਾਰ ਬਾਹੂਬਲੀ ਸ਼ਾਹ ਨੂੰ ਬਿਮਾਰੀ ਦੀ ਹਾਲਤ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ।
ਪੱਤਰਕਾਰ ਆਗੂਆਂ ਨੇ ਕਿਹਾ ਕਿ ਬਾਹੂਬਲੀ ਸ਼ਾਹ ਨੂੰ ਇਸ ਹਾਲਾਤ ਵਿੱਚ ਗ੍ਰਿਫ਼ਤਾਰ ਕਰਨਾ ਪ੍ਰੈੱਸ ਦੀ ਅਜ਼ਾਦੀ ਉਪਰ ਹਮਲੇ ਤੋਂ ਇਲਾਵਾ ਅਣਮਨੁੱਖੀ ਕਾਰਵਾਈ ਵੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਪੱਤਰਕਾਰ ਦੀ ਸਿਹਤ ਨੂੰ ਦੇਖਦਿਆਂ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ
ਦੇ ਦਿੱਤੀ ਹੈ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਈ.ਡੀ ਵੱਲੋਂ ਫ਼ਰਜ਼ੀ ਕੇਸਾਂ ਵਿੱਚ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਹੈ।