ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਦਿੱਲੀ 9 ਮਈ (ਖਬਰ ਖਾਸ ਬਿਊਰੋ)

ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਅਤੇ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਇੱਕ ਵੱਡੇ ਕੂਟਨੀਤਕ ਕਦਮ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਮਾਮਲੇ ’ਤੇ ਕਿਹਾ ਕਿ ਸੰਸਥਾ ਦੋਵਾਂ ਦੇਸ਼ਾਂ ਵਿਚਕਾਰ ਇਸ ਵਿਵਾਦ ’ਚ ਦਖ਼ਲ ਨਹੀਂ ਦੇਵੇਗੀ। ਸੂਤਰਾਂ ਨੇ ਦਸਿਆ ਕਿ ਵਿੱਤ ਮੰਤਰੀ ਸੀਤਾਰਮਨ ਨਾਲ ਲੰਮੀ ਚਰਚਾ ਦੌਰਾਨ ਬੰਗਾ ਦੀ ਮੋਦੀ ਨਾਲ ਸਿਸ਼ਟਾਚਾਰ ਮੁਲਾਕਾਤ ਹੋਈ। ਇਸ ਮੀਟਿੰਗ ਵਿਚ ਹੋਈ ਚਰਚਾ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਇਕ ਇੰਟਰਵਿਊ ’ਚ ਸਿੰਧੂ ਜਲ ਸਮਝੌਤੇ ਦੀ ਮੁਅੱਤਲੀ ‘ਤੇ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ, “ਸਾਡੀ ਇੱਕ ਵਿਚੋਲੇ ਤੋਂ ਇਲਾਵਾ ਕੋਈ ਭੂਮਿਕਾ ਨਹੀਂ ਹੈ। ਮੀਡੀਆ ਵਿੱਚ ਇਸ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ ਕਿ ਵਿਸ਼ਵ ਬੈਂਕ ਕਿਵੇਂ ਦਖਲ ਦੇਵੇਗਾ ਅਤੇ ਸਮੱਸਿਆ ਦਾ ਹੱਲ ਕਿਵੇਂ ਕਰੇਗਾ, ਪਰ ਇਹ ਸਭ ਬਕਵਾਸ ਹੈ। ਵਿਸ਼ਵ ਬੈਂਕ ਦੀ ਭੂਮਿਕਾ ਸਿਰਫ਼ ਇੱਕ ਵਿਚੋਲੇ ਦੀ ਹੈ।” ਬੰਗਾ ਨੇ ਕਿਹਾ, ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਵਿੱਚ ਦਖਲ ਨਹੀਂ ਦੇਵੇਗਾ। ਸੀਐਨਬੀਸੀ ਨਾਲ ਇੱਕ ਇੰਟਰਵਿਊ ਵਿੱਚ, ਬੰਗਾ ਨੇ ਕਿਹਾ, ‘‘ਨਹੀਂ, ਸੰਧੀ ਮੁਅੱਤਲ ਨਹੀਂ ਕੀਤੀ ਗਈ ਹੈ। ਇਸਨੂੰ ਤਕਨੀਕੀ ਤੌਰ ’ਤੇ ਮੁਲਤਵੀ ਕਿਹਾ ਜਾਂਦਾ ਹੈ, ਜਿਵੇਂ ਕਿ ਭਾਰਤ ਸਰਕਾਰ ਨੇ ਕਿਹਾ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸਲ ਵਿੱਚ ਤਿਆਰ ਕੀਤੀ ਸੰਧੀ ’ਚ ਮੁਅੱਤਲੀ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ, ‘‘ਜਿਸ ਤਰੀਕੇ ਨਾਲ ਇਸਨੂੰ ਤਿਆਰ ਕੀਤਾ ਗਿਆ ਹੈ, ਇਸਨੂੰ ਜਾਂ ਤਾਂ ਰੱਦ ਕਰ ਦੇਣਾ ਚਾਹੀਦਾ ਹੈ ਜਾਂ ਕਿਸੇ ਹੋਰ ਚੀਜ਼ ਨਾਲ ਬਦਲ ਦੇਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੂੰ ਇਸ ’ਤੇ ਸਹਿਮਤ ਹੋਣਾ ਚਾਹੀਦਾ ਹੈ।’’

ਵਿਸ਼ਵ ਬੈਂਕ ਦੀ ਭੂਮਿਕਾ ਬਾਰੇ ਦੱਸਦਿਆਂ, ਬੰਗਾ ਨੇ ਕਿਹਾ, ‘‘ਵਿਸ਼ਵ ਬੈਂਕ ਦੀ ਭੂਮਿਕਾ ਮੂਲ ਰੂਪ ਵਿੱਚ ਇੱਕ ਵਿਚੋਲੇ ਦੀ ਹੈ, ਜੇਕਰ ਉਹ ਅਸਹਿਮਤ ਹੁੰਦੇ ਹਨ – ਤਾਂ ਅਸੀਂ ਫ਼ੈਸਲਾ ਨਹੀਂ ਲੈਂਦੇ – ਸਗੋਂ ਅਸੀਂ ਇਕ ਧਿਰ ਹੁੰਦੇ ਹਾਂ ਜੋ ਮਾਮਲਿਆਂ ਨਾਲ ਨਜਿੱਠਣ ਲਈ ਇਕ ਨਿਰਪੱਖ ਮਾਹਰ ਜਾਂ ਸਾਲਸੀ ਅਦਾਲਤ ਲੱਭਣ ਦੀ ਪ੍ਰਕਿਰਿਆ ’ਚੋਂ ਲੰਘਦੀ ਹੈ।’’ ਉਨ੍ਹਾਂ ਅੱਗੇ ਦੱਸਿਆ ਕਿ ਬੈਂਕ ਦੀ ਸ਼ਮੂਲੀਅਤ ਮੁੱਖ ਤੌਰ ’ਤੇ ਪ੍ਰਸ਼ਾਸਕੀ ਅਤੇ ਵਿੱਤੀ ਹੈ, ਜਿਸ ਵਿੱਚ ਸੰਧੀ ਬਣਾਉਣ ਦੇ ਸਮੇਂ ਉਨ੍ਹਾਂ ਵਿਚੋਲਿਆਂ ਦੀਆਂ ਫ਼ੀਸਾਂ ਦਾ ਭੁਗਤਾਨ ਕਰਨ ਲਈ ਇੱਕ ਟਰੱਸਟ ਫ਼ੰਡ ਦੀ ਸਥਾਪਨਾ ਕਰਨਾ ਸ਼ਾਮਲ ਹੈ।

Leave a Reply

Your email address will not be published. Required fields are marked *