ਸਾਊਦੀ ਅਰਬ 8 ਮਈ (ਖਬਰ ਖਾਸ ਬਿਊਰੋ)
ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਅਦੇਲ ਅਲਜੁਬੈਰ ਭਾਰਤ ਦੇ ਅਣਐਲਾਨੇ ਦੌਰੇ ’ਤੇ ਹਨ ਅਤੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ’ਤੇ ਕੇਂਦ੍ਰਿਤ ਗੱਲਬਾਤ ਕੀਤੀ। ਅਲਜੁਬੈਰ ਦੀ ਨਵੀਂ ਦਿੱਲੀ ਫੇਰੀ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾਂ ਹੀ ਤਣਾਅਪੂਰਨ ਸਬੰਧ ਹੋਰ ਵਿਗੜ ਗਏ ਹਨ।
ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ, ‘ਅੱਜ ਸਵੇਰੇ ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਅਦੇਲ ਅਲਜੁਬੈਰ ਨਾਲ ਚੰਗੀ ਮੁਲਾਕਾਤ ਹੋਈ।’’
ਉਨ੍ਹਾਂ ਕਿਹਾ, ‘‘ਅਤਿਵਾਦ ਨਾਲ ਮਜ਼ਬੂਤੀ ਨਾਲ ਲੜਨ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।’’
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਕੱਲ੍ਹ ਅੱਧੀ ਰਾਤ ਦੇ ਕਰੀਬ ਪਹਿਲਾਂ ਤੋਂ ਨਿਰਧਾਰਤ ਦੌਰੇ ’ਤੇ ਨਵੀਂ ਦਿੱਲੀ ਪਹੁੰਚੇ। ਅਰਾਘਚੀ ਜਲਦੀ ਹੀ ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨਗੇ। ਉਹ ਦੁਪਹਿਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ।