8 ਮਈ (ਖਬਰ ਖਾਸ ਬਿਊਰੋ)
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਇਜ਼ਰਾਈਲ ਨੇ ਆਪਣੇ ਨਾਗਰਿਕਾਂ ਲਈ ਮੌਜੂਦਾ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ, ਜਿਸ ਵਿੱਚ ਕਸ਼ਮੀਰ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ‘ਤੁਰੰਤ ਇਲਾਕਾ ਛੱਡਣ’ ਦੀ ਅਪੀਲ ਕੀਤੀ ਗਈ ਹੈ। ਇਹ ਸੋਧੀ ਹੋਈ ਸਲਾਹ ਭਾਰਤੀ ਫ਼ੌਜ ਵੱਲੋਂ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਆਈ ਹੈ। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ।
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲੀ ਨਾਗਰਿਕਾਂ ਨੂੰ ਲੱਦਾਖ ਨੂੰ ਛੱਡ ਕੇ ਜੰਮੂ ਅਤੇ ਕਸ਼ਮੀਰ ਖੇਤਰ ਦੀ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਕਸ਼ਮੀਰ ਵਿੱਚ ਮੌਜੂਦ ਇਜ਼ਰਾਈਲੀ ‘ਤੁਰੰਤ ਇਲਾਕਾ ਛੱਡ ਦੇਣ’ ਅਤੇ ਸਥਾਨਕ ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਮੰਤਰਾਲੇ ਨੇ ਕਿਹਾ ਕਿ ਇਹ ਸਲਾਹ ਸੰਯੁਕਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੁਆਰਾ ਜਾਰੀ ਕੀਤੀ ਗਈ ਮੌਜੂਦਾ ਯਾਤਰਾ ਸਲਾਹ ਦੇ ਅਨੁਸਾਰ ਹੈ।
ਭਾਰਤ ਨੇ ਮੰਗਲਵਾਰ ਰਾਤ ਨੂੰ ‘ਆਪ੍ਰੇਸ਼ਨ ਸੰਧੂਰ’ ਤਹਿਤ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਨੌਂ ਅਤਿਵਾਦੀ ਲਾਂਚ ਪੈਡਾਂ ਨੂੰ ਨਿਸ਼ਾਨਾ ਬਣਾਇਆ। ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।