ਦਿੱਲੀ ਦੀਆਂ ਸਾਰੀਆਂ ਪਾਰਟੀਆਂ ਨੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ-ਬਾਦਲ

ਆਪਣੇ ਮੁੱਦੇ ਸੰਸਦ ਵਿਚ ਚੁੱਕਣ ਲਈ ਅਕਾਲੀ ਦਲ ਦਾ ਸਾਥ ਦਿਓ : ਸੁਖਬੀਰ

ਬੁਢਲਾਡਾ, 8 ਮਈ ( ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਨੇ ਪੰਜਾਬੀਆਂ ਨਾਲ ਧਰੋਹ ਹੀ ਕਮਾਇਆ ਹੈ ਭਾਵੇਂ ਉਹ ਕਾਂਗਰਸ, ਆਮ ਆਦਮੀ ਪਾਰਟੀ (ਆਪ) ਜਾਂ ਭਾਜਪਾ ਹੀ ਕਿਉਂ ਨਾ ਹੋਵੇ, ਇਹਨਾਂ ਨੇ ਸਾਡੇ ਧਾਰਮਿਕ ਅਸਥਾਨਾਂ ’ਤੇ ਹਮਲੇ ਕੀਤੇ, ਪੰਜਾਬੀਆਂ ਨਾਲ ਵਿਤਕਰਾ ਅਤੇ ਕਿਸਾਨਾਂ ਨਾਲ ਅਨਿਆਂ ਕੀਤਾ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਉਹਨਾਂ ਨੇ ਅਪੀਲ ਕੀਤੀ ਕਿ ਆਪਣੀ ਆਵਾਜ਼ ਸੰਸਦ ਵਿਚ ਬੁਲੰਦ ਕਰਨ ਵਾਸਤੇ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ।

ਇਥੇ ਪੰਜਾਬ ਬਚਾਓ ਯਾਤਰਾ ਦੇ ਹਿੱਸੇ ਵਜੋਂ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਮਾਂ ਆ ਗਿਆ ਹੈ ਕਿ ਦਿੱਲੀ ਆਧਾਰਿਤ ਪਾਰਟੀਆਂ ਨੂੰ ਸਪਸ਼ਟ ਸੰਦੇਸ਼ ਭੇਜਿਆ ਜਾਵੇ। ਉਹਨਾਂ ਕਿਹਾ ਕਿ ਯਾਦ ਰੱਖਿਓ 1 ਜੂਨ ਨੂੰ ਵੋਟਾਂ ਵਾਲੇ ਦਿਨ ਲੋਕ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਨੂੰ ਯਾਦ ਕਰ ਕੇ ਵੋਟਾਂ ਪਾਉਣ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧਰੋਹ ਕਮਾਇਆ ਹੈ ਤੇ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਤੋਂ ਨਾਂਹ ਕੀਤੀ, ਸੂਬੇ ਦੇ ਨੌਜਵਾਨਾਂ ਦੀ ਕੀਮਤ ’ਤੇ ਬਾਹਰਲਿਆਂ ਨੂੰ ਨੌਕਰੀ ਦਿੱਤੀ ਅਤੇ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਤੇ ਇਸੇ ਤਰੀਕੇ 26 ਤੋਂ 28 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਵੀ ਟਾਲਾ ਵੱਟ ਗਈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸਰਦਾਰ ਬਾਦਲ ਨੇ ਕਿਹਾ ਕਿ ਆਉਂਦੀਆਂ ਸੰਸਦੀ ਚੋਣਾਂ ਪੰਜਾਬ ਵਿਚ 2027 ਵਿਚ ਬਣਨ ਵਾਲੀ ਅਗਲੀ ਸਰਕਾਰ ਲਈ ਰੂਪ ਰੇਖਾ ਤੈਅ ਕਰ ਦੇਣਗੀਆਂ। ਸਰਦਾਰ ਬਾਦਲ ਜਿਹਨਾਂ ਦੇ ਨਾਲ ਸੀਨੀਅਰ ਆਗੂ ਡਾ. ਨਿਸ਼ਾਨ ਸਿੰਘ ਵੀ ਸਨ, ਨੇ ਕਿਹਾ ਕਿ ਪੰਜਾਬ ਪਿਛਲੇ ਸੱਤ ਸਾਲਾਂ ਵਿਚ ਦੋ ਦਹਾਕੇ ਪੱਛੜ ਗਿਆ ਹੈ ਤੇ ਇਸ ਲਈ ਕਾਂਗਰਸ ਤੇ ਆਪ ਦਾ ਕੁਸ਼ਾਸ਼ਨ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸੂਬਾ ਕੰਗਾਲ ਹੋ ਚੁੱਕਾ ਹੈ ਤੇ ਆਪ ਸਰਕਾਰ ਨੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸੂਬੇ ਸਿਰ ਕਰਜ਼ਾ ਵਧਾ ਕੇ 3.75 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਗਰੀਬਾਂ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਇੱਛਾਵਾਂ ਦੀ ਪੂਰਤੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੰਜਾਬ ਦਾ ਤੇਜ਼ ਰਫਤਾਰ ਵਿਕਾਸ ਤੇ ਬੁਨਿਆਦੀ ਢਾਂਚੇ ਦੀ ਉਸਾਰੀ ਯਕੀਨੀ ਬਣਾਈ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਚਹੁੰ ਤੇ ਛੇ ਮਾਰਗੀ ਸੜਕਾਂ ਬਣੀਆਂ, ਥਰਮਲ ਪਲਾਂਟ ਤੇ ਹਵਾਈ ਅੱਡੇ ਬਣੇ। ਉਹਨਾਂ ਕਿਹਾ ਕਿ ਪਿਛਲੇ ਸੱਤਸਾਲਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਇਕ ਵੀ ਪ੍ਰਾਜੈਕਟ ਸਾਹਮਣੇ ਨਹੀਂ ਆਇਆ। ਉਹਨਾਂ ਕਿਹਾ ਕਿ ਇਸ ਕਾਰਨ ਨਿਵੇਸ਼ ਦਾ ਨੁਕਸਾਨ ਹੋਇਆ ਹੈ ਤੇ ਪੰਜਾਬ ਤੋਂ ਉਦਯੋਗਿਕ ਨਿਵੇਸ਼ ਹੋਰ ਰਾਜਾਂ ਵੱਲ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਵ ਪੱਖੀ ਵਿਕਾਸ ਕਰਨ ਵਾਲੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਵਾਲੇ ਅਕਾਲੀ ਦਲ ’ਤੇ ਤੁਹਾਡੀ ਮੁੜ ਵਿਸ਼ਵਾਸ ਬਹਾਲੀ ਬਹੁਤ ਅਹਿਮੀਅਤ ਰੱਖਦੀ ਹੈ। ਇਸ ਲਈ ਤੁਸੀਂ ਹੁਣ ਦਿੱਲੀ ਆਧਾਰਿਤ ਪਾਰਟੀਆਂ ਨਾਲ ਤਜ਼ਰਬੇ ਛੱਡ ਦਿਓ ਤੇ ਅਕਾਲੀ ਦਲ ਦੀ ਹਮਾਇਤ ਕਰੋ ਜੋ ਹਮੇਸ਼ਾ ਤੁਹਾਡੇ ਲਈ ਖੜ੍ਹਿਆ ਹੈ ਤੇ ਤੁਹਾਡੇ ਹੱਕਾਂ ਦੀ ਰਾਖੀ ਵਾਸਤੇ ਵਚਨਬੱਧ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *