ਚੰਡੀਗੜ੍ਹ, 29 ਅਪ੍ਰੈਲ (ਖਬਰ ਖਾਸ ਬਿਊਰੋ)
ਪਹਿਲਗਾਮ ਘਟਨਾਂ ਉਪਰੰਤ ਡਰੀਆਂ/ਸਹਿਮੀਆਂ ਕਸ਼ਮੀਰੀ ਵਿਦਿਆਰਥਣਾਂ/ਵਿਦਿਆਰਥੀਆਂ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਨੇ ਸੁਰੱਖਿਆ ਮੁਹਈਆ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸੇ ਮਨੁੱਖਤਾਵਾਦੀ ਮੁਹਿੰਮ ਹੇਠ ਅੱਜ ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਸਹਿਮੀਆਂ ਦੋ ਦਰਜਨ ਵਿਦਿਆਰਥਣਾਂ ਨੂੰ ਚੰਡੀਗੜ੍ਹ ਦੇ ਨੇੜੇ ਦੇ ਨਰਸਿੰਗ ਕਾਲਜ ਵਿੱਚੋਂ ਸੁਰੱਖਿਅਤ ਤੌਰ ਉੱਤੇ ਸਥਾਨਕ ਹਵਾਈ ਅੱਡੇ ਪਹੁੰਚਾਇਆ ਅਤੇ ਸ੍ਰੀਨਗਰ ਵਾਲੇ ਜ਼ਹਾਜ ਵਿੱਚ ਸਵਾਰ ਕਰਵਾਇਆ।
ਇਸ ਤੋਂ ਪਹਿਲਾਂ ਵੀ, ਕੇਂਦਰੀ ਸਿੰਘ ਸਭਾ ਦੇ ਕਾਰਕੁੰਨਾ ਨੇ ਚੰਡੀਗੜ੍ਹ ਟਰਾਈ ਸਿਟੀ ਵਿੱਚ ਪੜ੍ਹਦੀਆਂ ਕਈ ਵਿਦਿਆਰਥਣਾਂ ਲਈ ਸੁਰੱਖਿਆ ਦੇ ਬੰਦੋਬੰਸ਼ਤ ਕੀਤੇ।
ਸਿੰਘ ਸਭਾ ਨੇ ਸ਼ੋਸਲ ਮੀਡੀਏ ਰਾਹੀਂ ਆਪਣੇ ਸੰਪਰਕ ਨੰਬਰ ਅਤੇ ਸਥਾਨ ਜਨਤਕ ਕੀਤੇ ਅਤੇ ਪੈਸਾ, ਪਨਾਹ ਅਤੇ ਲੰਗਰ ਦੇਣ ਦੀ ਆਪਣੀ ਜ਼ਿੰਮੇਵਾਰੀ ਸਮਝੀ। ਚੰਡੀਗੜ੍ਹ ਦੇ ਨੇੜੇ ਲੱਗਦੇ ਇਲਾਕਿਆਂ ਤੋਂ ਇਲਾਵਾਂ ਦੇਸ਼ ਦੇ ਹੋਰ ਹਿੱਸਿਆ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆੰ ਨੂੰ ਵੀ ਲੋੜੀਂਦੀ ਸਹਾਇਤਾ ਦਿੱਤੀ।
ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਗੁਰੂ ਸਿੱਖ ਸਿਧਾਤ ਮੰਗ ਕਰਦਾ ਹੈ ਕਿ ਸਿੱਖ ਕਿਸੇ ਵੀ ਧਰਮ/ਜਾਤੀ/ਫਿਰਕੇ/ਰੰਗ/ਲਿੰਗ ਕਰਕੇ ਕਿਸੇ ਦੂਜੇ ਨਾਲ ਵਿਤਕਰਾ ਨਾ ਕਰੋ ਅਤੇ ਹਿੰਦੂਤਵ ਸਿਆਸਤ ਵੱਲੋਂ ਚਲਾਈ ਹਿੰਦੂ-ਮੁਸਲਮਾਨ ਫਿਰਕੂ ਨਫ਼ਰਤ ਦਾ ਵਿਰੋਧ ਕਰੇ।
ਇਸ ਮੌਕੇ ਡਾ. ਖੁਸ਼ਹਾਲ ਸਿੰਘ, ਪੱਤਰਕਾਰ ਗੁਰਸ਼ਮਸੀਰ ਸਿੰਘ ਅਤੇ ਸੰਦੀਪ ਸਿੰਘ ਆਦਿ ਮੌਜੂਦ ਸਨ।