ਨਵੀਂ ਦਿੱਲੀ, 28 ਅਪ੍ਰੈਲ (ਖਬਰ ਖਾਸ ਬਿਊਰੋ)
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੋਡਕਾਸਟਰ ਰਣਵੀਰ ਅਲਾਹਾਬਾਦੀਆ ਨੂੰ ਪਾਸਪੋਰਟ ਵਾਪਸ ਕਰਨ ਦੀ ਇਜਾਜ਼ਤ ਦੇ ਦਿੱਤੀ ਤਾਂ ਜੋ ਉਹ ਕੰਮ ਸਬੰੰਧੀ ਵਿਦੇਸ਼ ਯਾਤਰਾ ਕਰ ਸਕੇ। ਅਸਾਮ ਅਤੇ ਮਹਾਰਾਸ਼ਟਰ ਸਰਕਾਰਾਂ ਵੱਲੋਂ ਉਨ੍ਹਾਂ ਵਿਰੁੱਧ ਜਾਂਚ ਪੂਰੀ ਹੋਣ ਸਬੰਧੀ ਕਹਿਣ ਤੋਂ ਬਾਅਦ ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਸ਼ਰਤਾਂ ਵਿਚ ਰਾਹਤ ਦਿੱਤੀ। ਬੈਂਚ ਨੇ ਅਲਾਹਾਬਾਦੀਆ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਵਾਪਸੀ ਲਈ ਮਹਾਰਾਸ਼ਟਰ ਸਾਈਬਰ ਪੁਲੀਸ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ।
ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੂੰ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੇ ਮੁਵੱਕਿਲ ਵਿਰੁੱਧ ਐਫਆਈਆਰਜ਼ ਨੂੰ ਇਕੱਠਾ ਕਰਨ ਅਤੇ ਅਗਲੀ ਸੁਣਵਾਈ ’ਤੇ ਉਨ੍ਹਾਂ ਨੂੰ ਇਕ ਥਾਂ ’ਤੇ ਲਿਆਉਣ ਲਈ ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰੇਗੀ। ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਨੂੰ ਇਕ ਯੂਟਿਊਬ ਸ਼ੋਅ ਦੌਰਾਨ ਉਨ੍ਹਾਂ ਦੀਆਂ ਟਿੱਪਣੀਆਂ ਖ਼ਿਲਾਫ਼ ਦਾਇਰ ਕਈ ਐੱਫਆਈਆਰਜ਼ ਵਿਚ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਉਸ ਨੂੰ ਆਪਣਾ ਪਾਸਪੋਰਟ ਨੋਡਲ ਸਾਈਬਰ ਪੁਲੀਸ ਥਾਣੇ ਦੇ ਜਾਂਚ ਅਧਿਕਾਰੀ ਕੋਲ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਸਿਖਰਲੀ ਅਦਾਲਤ ਨੇ 3 ਮਾਰਚ ਨੂੰ ਅਲਾਹਾਬਾਦੀਆ ਨੂੰ ਆਪਣਾ ਪੋਡਕਾਸਟ “ਦਿ ਰਣਵੀਰ ਸ਼ੋਅ” ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ।