ਮੋਹਾਲੀ, 26 ਅਪ੍ਰੈਲ (ਖਬਰ ਖਾਸ ਬਿਊਰੋ)
ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਆਏ ਦਿਨ ਗਰੀਬ ਤੇ ਲਿਤਾੜੇ ਹੋਏ ਪੀੜਿਤ ਪਰਿਵਾਰ ਆਪਣੀਆਂ ਫਰਿਆਦਾਂ ਲੈ ਕੇ ਪਹੁੰਚਦੇ ਰਹਿੰਦੇ ਹਨ ਤੇ ਇਹ ਮੋਰਚਾ ਸਭ ਦੀ ਧਿਰ ਬਣ ਕੇ ਖੜਦਾ ਹੈ ਤੇ ਜੁਲਮ ਤੇ ਬੇਇਨਸਾਫੀ ਖਿਲਾਫ ਲੜਦਾ ਹੈ। ਅੱਜ ਮੋਰਚਾ ਸਥਾਨ ਤੇ ਧਨਾਢ ਮਕਾਨ ਮਾਲਕ ਦੇ ਸਤਾਏ ਹੋਏ ਗੁਰਜੀਤ ਸਿੰਘ (ਜਲੰਧਰ) ਮੋਹਾਲੀ ਆਪਣੀ ਸਮੱਸਿਆ ਲੈ ਕੇ ਪਹੁੰਚੇ। ਉਹਨਾਂ ਦੱਸਿਆ ਕਿ ਉਹਨਾਂ ਦੇ ਮਕਾਨ ਕਮ ਦਫਤਰ ਦੇ ਮਾਲਕ ਜਤਿੰਦਰ ਕੁਮਾਰ ਸ਼ਿੰਗਾਰੀ ਨੇ ਉਸ ਤੇ ਬਹੁਤ ਜ਼ੁਲਮ ਕੀਤਾ ਹੈ। ਉਸ ਦੀ ਸ਼ਰੇਆਮ ਲੁੱਟ ਕੀਤੀ ਹੈ ਤੇ ਉਸ ਦੇ ਜਰੂਰੀ ਕਾਗਜ਼ਾਤ ਤੇ ਦੁਕਾਨ ਦੇ ਬੈਨਰਾਂ ਨੂੰ ਬਿਨਾਂ ਕਿਸੇ ਡਰ ਤੇ ਸ਼ਰੇਆਮ ਜਲਾਏ ਹਨ। ਜਿਸ ਦੀਆਂ ਸੀਸੀਟੀਵੀ ਫੁਟੇਜ ਗੁਰਜੀਤ ਸਿੰਘ ਕੋਲ ਮੌਜੂਦ ਹਨ। ਉਹਨਾਂ ਦਾ ਨਕਦੀ ਅਤੇ ਜੇਵਰਾਤ ਵੀ ਚੋਰੀ ਕੀਤੇ ਗਏ। ਪਰ ਥਾਣਾ ਆਈਟੀ ਸਿਟੀ ਵਿੱਚ ਬਾਰ-ਬਾਰ ਚੱਕਰ ਲਾਉਣ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਗੁਰਜੀਤ ਸਿੰਘ ਖੌਫ ਦੀ ਜਿੰਦਗੀ ਜੀਅ ਰਿਹਾ ਹੈ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਿਹਾ ਹੈ। ਮਕਾਨ ਮਾਲਕ ਜਤਿੰਦਰ ਕੁਮਾਰ ਸ਼ਿੰਗਾਰੀ ਨੇ ਗੁਰਜੀਤ ਸਿੰਘ ਦਾ ਦਫਤਰ ਵਿੱਚ ਸਥਿਤ ਲੱਖਾਂ ਦਾ ਸਮਾਨ ਚੋਰੀ ਕੀਤਾ, ਗਹਿਣੇ ਚੋਰੀ ਕੀਤੇ। ਪਰ ਦੋਸ਼ੀ ਦੀ ਪੁਲਿਸ ਨਾਲ ਮਿਲੀ ਭੁਗਤ ਹੋਣ ਕਾਰਨ ਚੋਰੀ ਦਾ ਮੁਕਦਮਾ ਦਰਜ ਨਹੀਂ ਕਰ ਰਹੀ।
ਇਸੇ ਤਰ੍ਹਾਂ ਪਿੰਡ ਰਾਏਪੁਰ ਖੁਰਦ ਜ਼ਿਲ੍ਹਾ ਮੋਹਾਲੀ ਵਿੱਚ ਬਿਨਾਂ ਮਨਜੂਰੀ ਤੇ ਨਾਜਾਇਜ਼ ਤੌਰ ਤੇ ਅਵਤਾਰ ਸਿੰਘ ਪੁੱਤਰ ਸਰਦਾਰਾ ਸਿੰਘ ਵੱਲੋਂ ਬਹੁਮੰਜਲੀ ਇਮਾਰਤ ਬਣਾਉਣ ਅਤੇ ਇਸੇ ਬਿਲਡਿੰਗ ਦੀ ਦੀਵਾਰ ਡਿੱਗਣ ਕਾਰਨ ਹੋਏ ਨੁਕਸਾਨ ਬਾਰੇ ਇਸੇ ਪਿੰਡ ਦੇ ਵਸਨੀਕ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੇ ਆਪਣੇ ਨਾਲ ਹੋਰ ਰਹੀ ਨਾ ਇਨਸਾਫੀ ਬਾਰੇ ਮੋਰਚਾ ਆਗੂਆਂ ਤੇ ਪ੍ਰੈਸ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਮਾਨਯੋਗ ਐਸਡੀਐਮ ਸਾਹਿਬ ਨੇ ਵੀ ਐਸਐਚਓ ਥਾਣਾ ਸੋਹਾਣਾ ਨੂੰ ਹਦਾਇਤਾਂ ਕੀਤੀਆਂ ਹਨ। ਪਰ ਐਸਐਚਓ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਤੇ ਬਿਲਡਿੰਗ ਬਣਾਉਣ ਵਾਲੇ ਅਵਤਾਰ ਸਿੰਘ ਦਾ ਸਾਥ ਦੇ ਰਿਹਾ ਹੈ। ਇਹ ਬਹੁ ਮੰਜਲੀ ਇਮਾਰਤ ਦੀ ਬਿਨਾ ਕਿਸੇ ਡਰ ਤੋਂ ਨਿਰੰਤਰ ਉਸਾਰੀ ਹੋ ਰਹੀ ਹੈ। ਜਿਸ ਨਾਲ ਸਾਡੇ ਮਕਾਨ ਡਿੱਗ ਰਹੇ ਹਨ। ਅਸੀਂ ਖੌਫ ਦੀ ਜ਼ਿੰਦਗੀ ਜੀਅ ਰਹੇ ਹਾਂ। ਸਾਡੇ ਮਕਾਨ ਕਦੀ ਵੀ ਡਿੱਗ ਸਕਦੇ ਹਨ। ਉਹਨਾਂ ਦੱਸਿਆ ਕਿ ਚੌਥੀ ਮੰਜ਼ਿਲ ਦੀ ਦੀਵਾਰ ਸਾਡੇ ਮਕਾਨਾਂ ਤੇ ਡਿੱਗ ਗਈ ਸੀ। ਜਿਸ ਕਰਕੇ ਸਾਡੇ ਮਕਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਪਰ ਪੰਚਾਇਤ ਅਤੇ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਹਰ ਜਗ੍ਹਾ ਤੇ ਜਗ ਜਹਿਰ ਹੋ ਰਹੀ ਹੈ। ਆਏ ਦਿਨ ਸ਼ਰੇਆਮ ਗੋਲੀਆਂ ਮਾਰ ਕੇ ਨਿਰਦੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਸਿਵਲ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਆਮ ਲੋਕਾਂ ਦੀ ਸੁਣਵਾਈ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਧਨਾਢ ਲੋਕ ਪੁਲਿਸ ਨਾਲ ਮਿਲ ਕੇ ਗਰੀਬ ਅਤੇ ਕਮਜ਼ੋਰ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੇ ਹਨ। ਜਿਸ ਦੀਆਂ ਗੁਰਜੀਤ ਸਿੰਘ ਅਤੇ ਅਵਤਾਰ ਸਿੰਘ ਰਾਏਪੁਰ ਖੁਰਦ ਪ੍ਰਤੱਖ ਉਦਾਹਰਣਾਂ ਹਨ। ਜਿਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਪ੍ਰੈਸ ਨੂੰ ਜਾਣੂ ਕਰਵਾਇਆ ਹੈ। ਜੇਕਰ ਪੁਲਿਸ ਪ੍ਰਸ਼ਾਸਨ ਇਸ ਤੇ ਕਾਰਵਾਈ ਨਹੀਂ ਕਰਦਾ ਤਾਂ ਸੋਮਵਾਰ ਨੂੰ ਸਮਾਜਿਕ, ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਇਕੱਠੀਆਂ ਹੋ ਕੇ ਡੀਐਸਪੀ ਸਿਟੀ-2 ਅਤੇ ਥਾਣਾ ਸੋਹਾਣਾ ਦਾ ਘਿਰਾਓ ਕਰਨਗੀਆਂ ਤੇ ਪ੍ਰਸ਼ਾਸਨ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ। ਉਹਨਾਂ ਮੋਹਾਲੀ ਪੁਲਿਸ ਤੋਂ ਪੀੜਿਤ ਹੋਰ ਲੋਕਾਂ ਨੂੰ ਵੀ ਇਸ ਮਿਤੀ 28 ਅਪ੍ਰੈਲ 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹੋਰ ਰਹੇ ਘਰਾਓ ਵਿੱਚ ਆਪਣੀਆਂ ਸ਼ਿਕਾਇਤਾਂ ਸਬੂਤਾਂ ਸਮੇਤ ਲੈਕੇ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਉਹਨਾਂ ਦੀਆਂ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਇਸ ਮੌਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਦਾਰ ਮੋਹਾਲੀ ਪੁਲਿਸ ਹੋਵੇਗੀ।
ਇਸ ਮੌਕੇ ਜਥੇਦਾਰ ਬਲਕਾਰ ਸਿੰਘ ਭੁੱਲਰ, ਮਾਸਟਰ ਬਨਵਾਰੀ ਲਾਲ ਜਨਰਲ ਸਕੱਤਰ ਮੋਰਚਾ, ਹਰਨੇਕ ਸਿੰਘ ਮਲੋਆ ਮੁੱਖ ਸਲਾਹਕਾਰ ਮੋਰਚਾ ਨੇ ਵੀ ਪ੍ਰੈਸ ਨਾਲ ਗੱਲਬਾਤ ਕੀਤੀ ਤੇ ਪੀੜਿਤ ਗੁਰਜੀਤ ਸਿੰਘ ਅਤੇ ਪੀੜਿਤ ਅਵਤਾਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ।
ਇਹਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਸੇਵਾ ਸਿੰਘ ਗੀਗੇ ਮਾਜਰਾ, ਜਥੇਦਾਰ ਬਲਵੀਰ ਸਿੰਘ ਸੁਹਾਣਾ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਸੁਰਿੰਦਰ ਸਿੰਘ ਖੁੱਡਾ ਅਲੀ ਸ਼ੇਰ, ਬਾਬੂ ਵੇਦ ਪ੍ਰਕਾਸ਼, ਸੁਖਦੇਵ ਸਿੰਘ, ਮਨਜੀਤ ਸਿੰਘ, ਨਾਇਬ ਸਿੰਘ ਗੀਗੇ ਮਾਜਰਾ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਕੌਰ, ਸੁਰਜੀਤ ਕੌਰ, ਬਿਧੀ ਚੰਦ ਅਮਰੀਕ ਸਿੰਘ, ਲਖਵਿੰਦਰ ਸਿੰਘ, ਕਰਮ ਸਿੰਘ ਕੁਰੜੀ ਆਦਿ ਵੀ ਹਾਜ਼ਰ ਹੋਏ।