ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਸਭ ਤੋਂ ਪਹਿਲਾਂ ਸੀਆਰਪੀਐੱਫ ਯੂਨਿਟ ਬੈਸਰਨ ਘਾਟੀ ਪਹੁੰਚੀ: ਸੂਤਰ

ਨਵੀਂ ਦਿੱਲੀ, 26 ਅਪਰੈਲ (ਖਬਰ ਖਾਸ ਬਿਊਰੋ)

ਸਰਕਾਰ ਨੇ ਪਹਿਲਗਾਮ ਦਹਿਸ਼ਤੀ ਹਮਲੇ ਦਾ ਕਾਰਨ ਬਣੀ ਖੁਫੀਆ ਤੰਤਰ ਦੀ ਨਾਕਾਮੀ ਨੂੰ ਸਵੀਕਾਰ ਕੀਤਾ ਹੈ। ਬੈਸਰਨ ਘਾਟੀ, ਜਿੱਥੇ ਲਸ਼ਕਰ-ਏ-ਤਇਬਾ ਦੇ ਦਹਿਸ਼ਤਗਰਦਾਂ ਨੇ 26 ਸੈਲਾਨੀਆਂ ਨੂੰ ਗੋਲੀ ਮਾਰ ਦਿੱਤੀ ਸੀ, ਵਿੱਚ ਸੁਰੱਖਿਆ ਕਰਮਚਾਰੀਆਂ ਦੀ ਕੋਈ ਮੌਜੂਦਗੀ ਨਹੀਂ ਸੀ। ਹਮਲੇ ਮਗਰੋਂ ਸਭ ਤੋਂ ਪਹਿਲਾਂ ਸੀਆਰਪੀਐੱਫ ਕਰਮਚਾਰੀਆਂ ਦੀ ਇੱਕ ਟੀਮ ਉਥੇ ਪਹੁੰਚੀ ਸੀ। ਕੁਝ ਪੋਨੀ ਆਪਰੇਟਰਾਂ ਨੇ ਸੀਆਰਪੀਐੱਫ ਦੀ ਟੀਮ ਨੂੰ ਘਾਹ ਦੇ ਇਸ ਮੈਦਾਨ ਵਿੱਚ ਗੋਲੀਆਂ ਚੱਲਣ ਬਾਰੇ ਸੂਚਿਤ ਕੀਤਾ ਸੀ।

ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਮੁਤਾਬਕ ਸੀਆਰਪੀਐੱਫ ਦੀ ਇੱਕ ਯੂਨਿਟ, ਜੋ ਪਹਿਲਗਾਮ ਕਸਬੇ ਵਿੱਚ ਬੈਸਰਨ ਘਾਟੀ ਤੋਂ ਕਰੀਬ ਛੇ ਕਿਲੋਮੀਟਰ ਦੀ ਦੂਰੀ ’ਤੇ ਤਾਇਨਾਤ ਸੀ, ਪੋਨੀ ਆਪਰੇਟਰਾਂ ਦੇ ਸਮੂਹ ਤੋਂ ਹਮਲੇ ਬਾਰੇ ਜਾਣਕਾਰੀ ਮਿਲਣ ਤੋਂ ਅੱਧੇ ਘੰਟੇ ਬਾਅਦ ਪੈਦਲ ਚੱਲ ਕੇ ਮੌਕੇ ’ਤੇ ਪਹੁੰਚੀ ਸੀ। ਇਸ ਘਾਹ ਦੇ ਮੈਦਾਨ ਤੱਕ ਸਿਰਫ਼ ਪੈਦਲ ਜਾਂ ਘੋੜੇ ਦੀ ਸਵਾਰੀ ਨਾਲ ਹੀ ਪਹੁੰਚਿਆ ਜਾ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸੀਆਰਪੀਐਫ ਯੂਨਿਟ ਪਹਿਲਗਾਮ ਵਿੱਚ ਸੀ। ਜੰਮੂ ਕਸ਼ਮੀਰ ਪੁਲੀਸ ਅਧੀਨ ਕੰਮ ਕਰਦੀ ਹੋਣ ਕਰਕੇ ਇਹ ਯੂਨਿਟ ਬੈਸਰਨ ਮੈਦਾਨ ਵਿੱਚ ਤਾਇਨਾਤ ਨਹੀਂ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 24 ਅਪਰੈਲ ਨੂੰ ਸਰਕਾਰ ਵੱਲੋਂ ਹਮਲੇ ਬਾਰੇ ਜਾਣੂ ਕਰਵਾਉਣ ਲਈ ਸੱਦੀ ਸਰਬ ਪਾਰਟੀ ਮੀਟਿੰਗ ਨੂੰ ਦੱਸਿਆ ਸੀ ਕਿ ਘਾਹ ਦੇ ਮੈਦਾਨ ਨੂੰ ਕਥਿਤ ਤੌਰ ’ਤੇ ਪੁਲੀਸ ਦੀ ਇਜਾਜ਼ਤ ਤੋਂ ਬਿਨਾਂ ਹੀ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਸੀ। ਫੌਜੀ ਜਵਾਨਾਂ ਨੂੰ ਸਰਕਾਰੀ ਨੀਤੀ ਅਨੁਸਾਰ ਸੈਲਾਨੀ ਸਥਾਨਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਸੀਆਰਪੀਐੱਫ ਜੰਮੂ ਕਸ਼ਮੀਰ ਪੁਲੀਸ ਅਧੀਨ ਕੰਮ ਕਰਦੀ ਹੈ, ਜਿਸ ਕਰਕੇ ਨੀਮ ਫੌਜੀ ਬਲਾਂ ਦੀ ਯੂਨਿਟ ਪਹਿਲਗਾਮ ਵਿਚ ਸੀ।

ਇਸ ਦੌਰਾਨ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਕਿ ਅਤਿਵਾਦੀ ਹਮਲੇ ਤੋਂ ਬਾਅਦ ਪਹਿਲਗਾਮ ਵਿੱਚ ਪੁਲੀਸ ਜਾਂ ਨੀਮ ਫੌਜੀ ਬਲਾਂ ਦੀ ਮੌਜੂਦਗੀ ਵਧਾਈ ਜਾਵੇਗੀ ਜਾਂ ਨਹੀਂ, ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਮਸ਼ਕੂਕ ਦਹਿਸ਼ਤਗਰਦਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਹਾਲਾਂਕਿ ਫੌਜ ਦੇ ਜਵਾਨ ਉੱਚੀਆਂ ਥਾਵਾਂ ’ਤੇ ਤਲਾਸ਼ੀ ਲੈ ਰਹੇ ਹਨ, ਜਦੋਂਕਿ ਨੀਮ ਫੌਜੀ ਬਲ ਪਹਿਲਗਾਮ ਅਤੇ ਇਸ ਦੇ ਆਲੇ-ਦੁਆਲੇ ਹਮਲਾਵਰਾਂ ਦੀ ਭਾਲ ਕਰ ਰਹੇ ਹਨ।

ਉਂਝ ਅਜੇ ਤੱਕ ਪਹਿਲਗਾਮ ਹਮਲੇ ਵਿਚ ਸ਼ਾਮਲ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਵੀ ਕੁਝ ਸਪਸ਼ਟ ਨਹੀਂ ਹੈ। ਇਹ ਗੱਲ ਵੀ ਸਾਫ਼ ਨਹੀਂ ਹੈ ਕਿ ਜੰਮੂ ਕਸ਼ਮੀਰ ਪੁਲੀਸ ਨੇ ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਕੀ ਉਹ ਉਨ੍ਹਾਂ ਮਸ਼ਕੂਕਾਂ ਦੀਆਂ ਹਨ ਜਿਨ੍ਹਾਂ ਨੇ ਸੈਲਾਨੀਆਂ ਨੂੰ ਗੋਲੀਆਂ ਮਾਰੀਆਂ।

ਇਸ ਦੌਰਾਨ ਬੀਐੱਸਐੱਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਦਿਨ ਵੇਲੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਮੁਲਾਕਾਤ ਕੀਤੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਮੀਟਿੰਗ ਜੰਮੂ-ਕਸ਼ਮੀਰ ਦੇ ਹੋਰ ਹਿੱਸਿਆਂ ਵਿੱਚ ਸੰਭਾਵੀ ਹਮਲਿਆਂ ਅਤੇ ਘੁਸਪੈਠ ਰੋਕਣ ਲਈ ਸਰਹੱਦਾਂ ਨੂੰ ਮਜ਼ਬੂਤ ​​ਕਰਨ ਲਈ ਸਹੀ ਜਾਂਚ ਅਤੇ ਸੰਤੁਲਨ ਯਕੀਨੀ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਹਿੱਸਾ ਹੋ ਸਕਦੀ ਹੈ।

ਖੁਫੀਆ ਜਾਣਕਾਰੀ ਮੁਤਾਬਕ ਪੁਲਵਾਮਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਨੂੰ ਅਤਿਵਾਦੀਆਂ ਤੋਂ ਸੰਭਾਵੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸਮੇਂ ਪੁਲਵਾਮਾ ਵਿੱਚ ਕਰੀਬ 45 ਤੋਂ 50 ਵਿਦੇਸ਼ੀ ਅਤਿਵਾਦੀ ਕੰਮ ਕਰ ਰਹੇ ਹਨ ਅਤੇ ਬਾਰਾਮੂਲਾ ਵਿੱਚ ਕਰੀਬ 55 ਤੋਂ 60 ਸਰਗਰਮ ਦੱਸੇ ਜਾਂਦੇ ਹਨ।

Leave a Reply

Your email address will not be published. Required fields are marked *