ਰਾਜਸਥਾਨ 26 ਅਪਰੈਲ (ਖਬਰ ਖਾਸ ਬਿਊਰੋ)
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਅਟਾਰੀ-ਵਾਹਗਾ ਸਰਹੱਦੀ ਲਾਂਘਾ ਬੰਦ ਕਰਨ ਕਾਰਨ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੇਰ ਦੇ ਇੱਕ ਨੌਜਵਾਨ ਦਾ ਵਿਆਹ ਲਟਕ ਗਿਆ ਹੈ। ਲਾੜਾ ਆਪਣੇ ਪਰਿਵਾਰ ਨਾਲ ਅਟਾਰੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।
ਬਾੜਮੇਰ ਜ਼ਿਲ੍ਹੇ ਦੇ ਇੰਦਰੋਈ ਪਿੰਡ ਦੇ ਰਹਿਣ ਵਾਲੇ ਸ਼ੈਤਾਨ ਸਿੰਘ (25) ਦਾ ਵਿਆਹ 30 ਅਪ੍ਰੈਲ ਨੂੰ ਪਾਕਿਸਤਾਨ ਦੇ ਅਮਰਕੋਟ ਸ਼ਹਿਰ ਵਿੱਚ ਹੋਣਾ ਸੀ। ਪਰਿਵਾਰ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਅਤੇ ਅਟਾਰੀ-ਵਾਹਗਾ ਸਰਹੱਦ ’ਤੇ ਵੀ ਪਹੁੰਚ ਗਏ ਸਨ ਪਰ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਉੱਥੇ ਬਰਬਾਦ ਹੋ ਗਈਆਂ। ਉੱਥੇ ਪਹੁੰਚਣ ’ਤੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵਧੀਆਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਉਸਨੂੰ ਅਤੇ ਉਸਦੇ ਪਰਿਵਾਰ ਨੂੰ ਪਾਕਿਸਤਾਨ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਸ਼ੈਤਾਨ ਸਿੰਘ ਦੀ ਮੰਗਣੀ ਚਾਰ ਸਾਲ ਪਹਿਲਾਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਅਮਰਕੋਟ ਜ਼ਿਲ੍ਹੇ ਦੇ 21 ਸਾਲਾ ਕੇਸਰ ਕੰਵਰ ਨਾਲ ਹੋਈ ਸੀ। ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ, ਉਸਨੂੰ, ਉਸਦੇ ਪਿਤਾ ਅਤੇ ਭਰਾ ਨੂੰ ਇਸ ਸਾਲ 18 ਫ਼ਰਵਰੀ ਨੂੰ ਵੀਜ਼ਾ ਦਿੱਤਾ ਗਿਆ। ਉਸਦਾ ਪਰਿਵਾਰ 23 ਅਪ੍ਰੈਲ ਨੂੰ ਅਟਾਰੀ ਸਰਹੱਦ ਲਈ ਰਵਾਨਾ ਹੋਇਆ ਅਤੇ ਇੱਕ ਦਿਨ ਬਾਅਦ ਪਹੁੰਚ ਗਿਆ, ਪਰ 24 ਅਪ੍ਰੈਲ ਤੱਕ ਵਧਦੇ ਤਣਾਅ ਕਾਰਨ ਸਰਹੱਦ ਬੰਦ ਕਰ ਦਿੱਤੀ ਗਈ।
ਸ਼ੈਤਾਨ ਸਿੰਘ ਨੇ ਕਿਹਾ, ‘ਅਸੀਂ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ।’’ ਉਸ ਨੇ ਕਿਹਾ, ‘‘ਅਤਿਵਾਦੀਆਂ ਨੇ ਜੋ ਵੀ ਕੀਤਾ ਉਹ ਬਹੁਤ ਗਲਤ ਹੈ। ਮੇਰਾ ਵਿਆਹ ਹੋਣਾ ਚਾਹੀਦਾ ਸੀ ਪਰ ਹੁਣ ਉਹ ਮੈਨੂੰ ਜਾਣ ਨਹੀਂ ਦੇ ਰਹੇ। ਹੁਣ ਵਿਆਹ ਵਿੱਚ ਰੁਕਾਵਟ ਆ ਗਈ ਹੈ, ਕੀ ਕਰੀਏ? ਇਹ ਇੱਕ ਸਰਹੱਦੀ ਮੁੱਦਾ ਹੈ।’’ ਹਾਲਾਂਕਿ, ਉਸਦਾ ਵੀਜ਼ਾ 12 ਮਈ ਤੱਕ ਵੈਧ ਹੈ ਅਤੇ ਉਸਦਾ ਪਰਿਵਾਰ ਉਮੀਦ ਕਰਦਾ ਹੈ ਕਿ ਜੇਕਰ ਇਸ ਸਮੇਂ ਦੌਰਾਨ ਸਰਹੱਦ ਖੁੱਲ੍ਹ ਜਾਂਦੀ ਹੈ, ਤਾਂ ਵਿਆਹ ਹੋ ਸਕਦਾ ਹੈ।