ਜਲੰਧਰ, 25 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦਿਲਰਾਜ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਖਾਧ ਸੁਰੱਖਿਆ ਟੀਮ, ਜਿਸ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਡਾ. ਹਰਜੋਤ ਸਿੰਘ , ਫੂਡ ਸੁਰੱਖਿਆ ਅਫ਼ਸਰ ਰਾਸ਼ੂ ਮਹਾਜਨ ਅਤੇ ਮੁਕੁਲ ਗਿੱਲ ਸ਼ਾਮਿਲ ਸਨ, ਵਲੋਂ ਰਾਮਾ ਮੰਡੀ, ਮਕਸੂਦਾਂ ਅਤੇ ਗੰਦਾ ਨਾਲਾ ਦੇ ਆਲੇ-ਦੁਆਲੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਲਈ ਸਾਫ਼ ਸੁਥਰੇ ਤੇ ਗੁਣਵੱਤਾ ਭਰਪੂਰ ਖਾਧ ਪਦਾਰਥ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਟੀਮਾਂ ਵੱਲੋਂ ਸਬਜ਼ੀਆਂ ਦੇ 25 ਸੈਂਪਲ ਲਏ ਗਏ ਹਨ, ਜਿਨਾਂ ਨੂੰ ਅਗਲੇਰੀ ਜਾਂਚ ਲਈ ਸਟੇਟ ਫੂਡ ਲੈਬੋਰੇਟਰੀ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਅਗਲੀ ਕਾਰਵਾਈ ਜਾਂਚ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਾਣ ਤੇ ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਤਾਜ਼ਾ ਫ਼ਲ ਅਤੇ ਸਬਜ਼ੀਆਂ ਹੀ ਵੇਚੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਨੂੰ ਫੂਡ ਸੇਫਟੀ ਐਕਟ ਦੌਰਾਨ ਰਜਿਸਟਰਡ ਹੋਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਡਾ.ਹਰਜੋਤ ਸਿੰਘ ਨੇ ਦੱਸਿਆ ਕਿ ਅਜਿਹੇ ਨਿਰੀਖਣ ਭਵਿੱਖ ਵਿੱਚ ਵੀ ਹੋਰ ਤੇਜ਼ੀ ਨਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੈਰ ਮਿਆਰੀ ਚੀਜਾਂ ਵੇਚਣ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।