ਚੰਡੀਗੜ੍ਹ, 23 ਅਪਰੈਲ (ਖਬਰ ਖਾਸ ਬਿਊਰੋ)
ਜੰਮੂ-ਕਸ਼ਮੀਰ ਦੇ ਪਹਲਗਾਮ ‘ਚ ਸੈਲਾਨੀਆਂ ‘ਤੇ ਹੋਏ ਬਰਬਰ ਆਤੰਕੀ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਇਨਸਾਨੀਅਤ ‘ਤੇ ਦਾਗ ਅਤੇ ਕਸ਼ਮੀਰ ਦੀ ਤਰੱਕੀ ‘ਤੇ ਹਮਲਾ ਕਰਾਰ ਦਿੱਤਾ ਹੈ। ਇਸ ਕਾਇਰਾਨਾ ਹਰਕਤ ਨਾਲ ਪੂਰੇ ਦੇਸ਼ ‘ਚ ਗੁੱਸੇ ਦੀ ਲਹਿਰ ਦੌੜ ਗਈ ਹੈ। ਪੰਜਾਬ ਭਾਜਪਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਸਾਫ਼ ਸ਼ਬਦਾਂ ‘ਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਐਸਾ ਸਬਕ ਸਿਖਾਇਆ ਜਾਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਭਾਰਤ ਵੱਲ ਅੱਖ ਚੁੱਕ ਕੇ ਵੇਖਣ ਤੋਂ ਪਹਿਲਾਂ ਸੋ ਵਾਰ ਸੋਚਣਗੀਆਂ। ਇਸ ਦੌਰਾਨ ਭਾਜਪਾ ਦੇ ਕੌਮੀ ਸਕੱਤਰ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਵਿਧਾਇਕ ਨਰਿੰਦਰ ਸਿੰਘ ਰੈਨਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜਗਮੋਹਨ ਰਾਜੂ ਅਤੇ ਦਿਆਲ ਸਿੰਘ ਸੋਢੀ, ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਭਾਜਪਾ ਮੀਡੀਆ ਮੁਖੀ ਵਿਨੀਤ ਜੋਸ਼ੀ, ਮੋਹਾਲੀ ਜਿਲ੍ਹਾ ਪ੍ਰਧਾਨ ਸੰਜੀਵ ਵਿਸ਼ਸ਼ਟ ਸਮੇਤ ਕਈ ਵੱਡੇ ਆਗੂ ਮੌਜੂਦ ਰਹੇ।
ਵਿਜੇ ਰੂਪਾਣੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮੋਦੀ ਸਰਕਾਰ ਨੇ ਕਸ਼ਮੀਰ ‘ਚ ਵਿਕਾਸ ਅਤੇ ਸਥਿਰਤਾ ਵੱਲ ਫੈਸਲਾਕੁੰਨ ਕਦਮ ਚੁੱਕੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਹੋਈ ਏਅਰ ਸਟ੍ਰਾਈਕ ਨੇ ਆਤੰਕ ਦੀ ਕਮਰ ਤੋੜ ਦਿੱਤੀ ਸੀ। ਇਸ ਤੋਂ ਬਾਅਦ ਘਾਟੀ ‘ਚ ਸਥਿਰਤਾ ਆਈ, ਸੈਲਾਨੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਪਹੁੰਚੀ, ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਤੇ ਆਮ ਜੀਵਨ ਆਮ ਹੋ ਗਿਆ। ਇਹ ਆਤੰਕੀ ਹਮਲਾ ਨਾ ਸਿਰਫ਼ ਮਾਸੂਮ ਲੋਕਾਂ ਦੀ ਹੱਤਿਆ ਹੈ, ਸਗੋਂ ਕਸ਼ਮੀਰ ਦੀ ਸ਼ਾਂਤੀ, ਵਪਾਰ ਅਤੇ ਟੂਰਿਜ਼ਮ ‘ਤੇ ਸੀਧਾ ਹਮਲਾ ਹੈ। ਇਸ ਨਾਲ ਘਾਟੀ ‘ਚ ਆਮ ਜੀਵਨ ਮੁੜ ਉਥਲ-ਪੁਥਲ ਹੋਣ ਦਾ ਖਤਰਾ ਹੈ।ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਈੱਟ ਦਾ ਜਵਾਬ ਪੱਥਰ ਨਾਲ ਦੇਣ ਵਿੱਚ ਸਮਰਥ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਨਾਲ ਲੱਗਦੀ ਲੰਮੀ ਸੀਮਾ ਦੇ ਮੱਦੇਨਜ਼ਰ ਸੂਬੇ ਨੂੰ ਹਾਈ ਅਲਰਟ ‘ਤੇ ਰੱਖਿਆ ਜਾਵੇ।
ਇਸ ਘਟਨਾ ਦੇ ਵਿਰੋਧ ‘ਚ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਤੋਂ ਰੋਸ ਮਾਰਚ ਸ਼ੁਰੂ ਕਰਕੇ ਸੈਕਟਰ-25 ਚੌਂਕ ‘ਤੇ ਭਾਜਪਾ ਵਰਕਰਾਂ ਅਤੇ ਆਗੂਆਂ ਨੇ ਪਾਕਿਸਤਾਨ ਦਾ ਪੁਤਲਾ ਸਾੜ ਕੇ ਗੁੱਸਾ ਪ੍ਰਗਟਾਇਆ।
ਇਸ ਦੌਰਾਨ – “ਪਾਕਿਸਤਾਨ ਮੁਰਦਾਬਾਦ”, “ਦੁੱਧ ਮੰਗੋਗੇ ਤਾਂ ਖੀਰ ਦੇਵਾਂਗੇ, ਕਸ਼ਮੀਰ ਮੰਗੋਗੇ ਤਾਂ ਚੀਰ ਦੇਵਾਂਗੇ”, “ਆਵਾਜ਼ ਦੋ – ਅਸੀਂ ਇਕ ਹਾਂ” ਵਰਗੇ ਨਾਰੇ ਲਗਾ ਕੇ ਭਾਜਪਾ ਵਰਕਰਾਂ ਨੇ ਆਪਣਾ ਗੁੱਸਾ ਦਿਖਾਇਆ।
ਭਾਜਪਾ ਨੇ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਇਹ ਸੰਕਲਪ ਲਿਆ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਭਾਰਤ ਦੀ ਧਰਤੀ ‘ਤੇ ਕਦੇ ਮਾਫ਼ ਨਹੀਂ ਕੀਤਾ ਜਾਵੇਗਾ।