ਫ਼ਤਹਿਗੜ੍ਹ ਪੰਜਤੂਰ, 23 ਅਪਰੈਲ (ਖਬਰ ਖਾਸ ਬਿਊਰੋ)
ਇੱਥੇ ਮਾਹੀ ਮਾਛੀਵਾਲਾ ਪਿੰਡ ਨੂੰ ਜਾਂਦੀ ਸੜਕ ’ਤੇ ਸਥਿਤ ਇਕ ਵਿਰਾਨ ਪਏ ਘਰ ’ਚੋਂ ਸ਼ੁਰੂ ਹੋਈ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਕਾਰਨ ਲਗਭਗ 100 ਏਕੜ ਦੇ ਕਰੀਬ ਨਾੜ ਅਤੇ 10 ਏਕੜ ਦੇ ਕਰੀਬ ਖੇਤਾਂ ਵਿੱਚ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ।
ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਅੱਗ ਲਗਭਗ 11 ਵਜੇ ਦੇ ਕਰੀਬ ਸੜਕ ਨਜ਼ਦੀਕ ਖੇਤ ਵਿਚ ਖੰਡਰ ਪਏ ਘਰ ਤੋਂ ਸ਼ੁਰੂ ਹੋਈ। ਕਿਹਾ ਜਾ ਰਿਹਾ ਹੈ ਕਿ ਘਰ ਅੰਦਰ ਨਸ਼ੇੜੀ ਵਿਅਕਤੀਆਂ ਵੱਲੋਂ ਨਸ਼ਾ ਕਰਨ ਦੌਰਾਨ ਕਿਸੇ ਕਾਰਨ ਲਾਈ ਅੱਗ ਲਾਈ ਹੋ ਸਕਦੀ ਹੈ ਅਤੇ ਉੱਥੋਂ ਅੱਗ ਸ਼ੁਰੂ ਹੋ ਕਿ ਕਣਕ ਦੇ ਖੇਤਾਂ ਵਿੱਚ ਫੈਲ ਗਈ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਮੇਂ ਉਹ ਆਪਣੇ ਨਜ਼ਦੀਕੀ ਘਰ ਵਿੱਚ ਹੀ ਸਨ, ਉਨ੍ਹਾਂ ਤੁਰੰਤ ਇਸਦੀ ਜਾਣਕਾਰੀ ਪੁਲੀਸ ਪ੍ਰਸ਼ਾਸਨ ਅਤੇ ਧਰਮਕੋਟ ਸਥਿਤ ਫਾਇਰ ਬ੍ਰਿਗੇਡ ਦੇ ਅਮਲੇ ਨੂੰ ਦਿੱਤੀ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੇ ਹੋਰਨਾਂ ਕਿਸਾਨੀ ਸਾਧਨਾਂ ਨਾਲ ਲਗਭਗ ਦੋ ਘੰਟੇ ਦੀ ਜੱਦੋ ਜਹਿਦ ਤੋਂ ਉਪਰੰਤ ਅੱਗ ’ਤੇ ਕਾਬੂ ਪਾ ਲਿਆ ਗਿਆ। ਜਾਣਕਾਰੀ ਅਨੁਸਾਰ ਕਿਸਾਨ ਸੁੱਖਾ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ, ਹਰਬੰਸ ਸਿੰਘ, ਲਾਲੀ ਸਿੰਘ, ਭਗਵਾਨ ਸਿੰਘ, ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੰਬੋਜ ਦੇ ਖੇਤ ਅੱਗ ਦੀ ਲਪੇਟ ਵਿਚ ਆ ਗਏ।