ਅੰਮ੍ਰਿਤਸਰ, 21 ਅਪ੍ਰੈਲ (ਖਬਰ ਖਾਸ ਬਿਊਰੋ)
ਪਿਛਲੇ 24 ਘੰਟਿਆਂ ਦੌਰਾਨ ਬੀਐਸਐਫ ਨੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਵਿੱਚ ਕੀਤੀ ਕਾਰਵਾਈ ਦੌਰਾਨ ਤਿੰਨ ਡਰੋਨ ਤੇ ਡੇਢ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੇ ਹਨ ਅਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ।
ਬੀਐਸਐਫ ਤੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਕਿ ਬੀਤੇ ਦਿਨ ਤਿੰਨ ਵੱਖ ਵੱਖ ਥਾਵਾਂ ’ਤੇ ਬੀਐਸਐਫ ਵੱਲੋਂ ਕੀਤੀ ਕਾਰਵਾਈ ਦੌਰਾਨ ਤਿੰਨ ਡਰੋਨ ਬਰਾਮਦ ਕੀਤੇ ਗਏ ਹਨ। ਇਹ ਸਾਰੇ ਡਰੋਨ 3- ਡੀਜੇਆਈ ਮੈਵਿਕ 3 ਕਲਾਸਿਕ ਸ਼੍ਰੇਣੀ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਇੱਕ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਜਾ ਤਾਲ ਦੇ ਖੇਤਾਂ ਵਿੱਚੋਂ, ਇੱਕ ਪਿੰਡ ਦਾਓਕੇ ਦੇ ਕੋਲੋਂ ਅਤੇ ਇੱਕ ਡਰੋਨ ਫਿਰੋਜ਼ਪੁਰ ਦੇ ਪਿੰਡ ਗੱਤੀ ਰਾਜੋਕੇ ਦੇ ਕੋਲੋਂ ਬਰਾਮਦ ਹੋਇਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡਲ ਦੇ ਕੋਲੋਂ ਇੱਕ ਪੈਕੇਟ ਬਰਾਮਦ ਹੋਇਆ, ਜਿਸ ਵਿੱਚੋਂ 545 ਗ੍ਰਾਮ ਹੈਰੋਇਨ ਮਿਲੀ ਹੈ।
ਇਸੇ ਤਰ੍ਹਾਂ ਬੀਤੇ ਦਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਹਬੀਬ ਵਾਲਾ ਕੋਲੋਂ ਇੱਕ ਕਿਲੋ 29 ਗਰਾਮ ਹੈਰੋਇਨ ਬਰਾਮਦ ਹੋਈ ਹੈ। ਬੀਐਸਐਫ ਨੇ ਇੱਥੇ ਇੱਕ ਵਿਅਕਤੀ ਨੂੰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ, ਜਿਸ ਦਾ ਸੰਪਰਕ ਪਾਕਿਸਤਾਨੀ ਤਸਕਰਾਂ ਨਾਲ ਸੀ।
ਅਧਿਕਾਰੀ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ’ਤੇ ਬੀਐਸਐਫ ਅਤੇ ਪੁਲੀਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ।