ਰੋਪੜ੍ਹ 20 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਪੁਲਿਸ ਹਿਰਾਸਤ ਵਿਚ ਇਕ ਨੌਜਵਾਨ ਨੇ ਖੁਦਕਸ਼ੀ ਕਰ ਲਈ। ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ ਹੋਣ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਖੁਦਕਸ਼ੀ ਕਰਨ ਵਾਲਾ ਨੌਜਵਾਨ ਰੂਪਨਗਰ ਸਿਟੀ ਪੁਲਿਸ ਸਟੇਸ਼ਨ ਵਿਚ ਅਗਵਾ ਅਤੇ ਕਤਲ ਦੇ ਮਾਮਲੇ ਵਿਚ ਬੰਦ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਬਖਸ਼ੀਖਾਨਾ, ਬੈਰਕ ਵਿਚ ਬੰਦ ਪ੍ਰਿੰਸ ਨਾਮਨ ਨੌਜਵਾਨ ਨੇ ਕੰਬਲ ਨੂੰ ਪਾੜਕੇ ਉਸਦਾ ਰੱਸਾ ਬਣਾ ਲਿਆ। ਇਸ ਰੱਸੇ ਦੇ ਸਹਾਰੇ ਨਾਲ ਉਸਨੇ ਖੁਦਕਸ਼ੀ ਕਰ ਲਈ ਹੈ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਪੁਲਿਸ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਥਾਣੇ ਦਾ ਗੇਟ ਬੰਦ ਕਰ ਦਿ੍ਤਾ ਹੈ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਪੱਤਰਕਾਰਾਂ ਨੂੰ ਵੀ ਪੁਲਿਸ੍ ਨੇ ਥਾਣੇ ਵਿਚ ਜਾਣ ਤੋ ਰੋਕ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਖੁਦਕਸ਼ੀ ਕਰਨ ਵਾਲਾ ਨੌਜਵਾਨ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋ ਇੱਥੇ ਰਹਿ ਰਿਹਾ ਸੀ। ਉਸਦੇ ਚਾਰ ਬੱਚੇ ਹਨ। ਪੁਲਿਸ ਅਨੁਸਾਰ ਪ੍ਰਿੰਸ ਨਸ਼ੇ ਦਾ ਆਦੀ ਸੀ। ਉਹ ਪਹਿਲਾਂ ਵੀ ਪੁਲਿਸ ਹਿਰਾਸਤ ਦੌਰਾਨ ਇਕ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਸੀ।
ਪੁਲਿਸ ਅਨੁਸਾਰ ਪਿੰਡ ਸ਼ਾਮਪੁਰਾ ਦੇ ਅਮਰਪ੍ਰੀਤ ਸਿੰਘ ਉਰਫ਼ ਪ੍ਰੀਤ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪ੍ਰਿੰਸ ਨੂੰ ਦੋਸ਼ੀ ਸੀ। ਪਿਛਲੇ ਦਿਨ ਅਮਰਪ੍ਰੀਤ ਦੀ ਲਾਸ਼ ਮੋਹਾਲੀ ਤੋਂ ਬਰਾਮਦ ਹੋਈ ਸੀ। ਪੁਲਿਸ ਨੇ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਵੀ ਸ਼ਾਮਲ ਕਰ ਦਿੱਤੀਆ ਹਨ।
ਨਿਆਂਇਕ ਜਾਂਚ ਹੋਵੇਗੀ: ਐਸਐਸਪੀ
ਘਟਨਾਂ ਦੀ ਜਾਣਕਾਰੀ ਮਿਲਣ ਉਪਰੰਤ ਐ੍ੱਸ ਐੱਸ ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਸਿਟੀ ਪੁਲਿਸ ਸਟੇਸ਼ਨ ਪਹੁੰਚਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੁਡੀਸ਼ੀਅਲ ਮੈਜਿਸਟਰੇਟ ਆ ਗਏ ਹਨ। ਸਾਰੀ ਜਾਂਚ ਜੁਡੀਸੀਅਲ ਮਜਿਸਟਰੇਟ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।
ਸਿਟੀ ਪੁਲਿਸ ਸਟੇਸ਼ਨ ਰੂਪਨਗਰ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ ਵੀ ਮਾਣਯੋਗ ਜੱਜ ਦੇ ਸਾਹਮਣੇ ਰੱਖੀ ਗਈ ਹੈ।