ਦਲਿਤ ਔਰਤ ਦੀ ਮੌਤ ਬਾਅਦ ਪਿੰਡ ਚ ਕੀ ਹੋਇਆ

ਬਟਾਲਾ 6 ਮਈ ( ਖ਼ਬਰ ਖਾਸ ਬਿਊਰੋ) 

ਬਾਬੇ ਨਾਨਕ ਦੀ ਧਰਤੀ ਤੇ ਐਤਵਾਰ ਨੂੰ ਜੱਗੋ ਤੇਰਵੀਂ  ਹੋਈ। ਉਹ ਧਰਤੀ ਜਿਥੇ ਬਾਬੇ ਨਾਨਕ ਨੇ  ਨੀਚਾ ਅੰਦਰ ਨੀਚ ਜਾਤਿ …ਦਾ ਉਪਦੇਸ਼ ਦਿੱਤਾ, ਉਥੇ ਨੀਚੀ ਜਾਤ ਦੀ ਔਰਤ ਦਾ ਸਸਕਾਰ ਕਰਨ ਲਈ ਲਾਸ਼ ਘੰਟਿਆਂ ਬੱਧੀ ਰੁਲਦੀ ਰਹੀ। ਦਲਿਤਾਂ ਦੀ ਸਮਸ਼ਾਨਘਾਟ ਹੱਡਾਰੋੜੀ ਨੇੜੇ ਐ, ਮੁਸ਼ਕ ਕਰਕੇ ਖੜੇ ਹੋਣਾ ਤਾਂ ਦੂਰ ਦੀ ਗੱਲ ਲੋਕ ਉਥੋਂ ਲੰਘਣਾ ਵੀ ਨਹੀ ਚਾਹੁੰਦੇ। ਦਲਿਤ ਵਰਗ ਦੇ ਲੋਕ ਹੱਡਾਰੋੜੀ ਵਿਚ ਕੁੱਤਿਆ ਦੇ ਵੱਢਣ ਡਰੋਂ ਅਤੇ ਬਦਬੂ ਕਾਰਨ ਉਚ ਵਰਗ ਦੇ ਲੋਕਾਂ ਦੀ ਸਮਸ਼ਾਨਘਾਟ ਵਿਚ ਮੁਰਦਾ  ਫੁਕਣ ਚਲੇ ਗਏ, ਪਰ ਉਚ ਵਰਗ ਦੇ ਲੋਕਾਂ ਨੂੰ ਦਲਿਤਾਂ ਤੋ ਮੁਸ਼ਕ ਆਉਂਦਾ । ਉਚ ਵਰਗ ਦੇ ਲੋਕਾਂ ਨੇ ਦਲਿਤ ਔਰਤ ਦਾ ਸਸਕਾਰ ਕਰਨ ਤੋਂ ਰੋਕ ਦਿੱਤਾ। ਇਹ ਘਟਨਾਂ ਬਟਾਲਾ ਦੇ ਨੇੜੇ ਪੈਂਦੇ ਕਸਬਾ ਘੁਮਾਣ ਦੇ ਪਿੰਡ ਬਰਿਆਰ ਦੀ ਹੈ।

ਪਿੰਡ ਚ ਹੋਇਆ ਤਨਾਅ  ਤਾਂ–

ਹੋਇਆ ਇੰਝ ਕਿ ਪਿੰਡ ਦੀ ਹਰਬੰਸ ਕੌਰ ਪਤਨੀ ਸੁੱਚਾ ਸਿੰਘ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਗੇ ਸਬੰਧੀ ਲਾਸ਼ ਦਾ ਸਸਕਾਰ ਕਰਨ ਲਈ ਉੱਚ ਜਾਤੀ ਨਾਲ ਸਬੰਧਤ ਲੋਕਾਂ ਸ਼ਮਸ਼ਾਨਘਾਟ ਵਿਚ ਚਲੇ ਗਏ। ਜਨਰਲ ਵਰਗ ਦੇ ਲੋਕਾਂ ਨੇ ਦਲਿਤ ਔਰਤ ਦਾ ਸਸਕਾਰ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ  ਤੁਸੀਂ ਆਪਣੇ ਭਾਈਚਾਰੇ ਯਾਨੀ ਦਲਿਤਾਂ ਵਾਲੇ ਸਮਸ਼ਾਨਘਾਟ ਵਿਚ ਜਾਓ। ਇਥੋ ਦੋਵਾਂ ਧਿਰਾਂ ਵਿਚ ਤਕਰਾਰਬਾਜ਼ੀ ਹੋ ਗਈ। ਮਾਮਲਾ ਪ੍ਰਸ਼ਾਸ਼ਨ ਤੱਕ ਪੁੱਜ ਗਿਆ। ਆਲਾ ਅਧਿਕਾਰੀ ਪਿੰਡ ਵਿਚ ਪੁੱਜ ਗਏ ਤੇ ਮਾਮਲਾ ਸਾਂਤ ਕੀਤਾ। ਇਹ ਭਾਣਾ ਬਾਬੇ ਨਾਨਕ ਦੀ ਧਰਤੀ ਜਿਹਨਾਂ ਨੇ ਉਪਦੇਸ਼ ਦਿੱਤਾ  ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚ, ਨਾਨਕ ਤਿਨ ਕੇ ਸੰਗ ਸਾਥਿ ਵਡਿਆ ਸਿਉ ਕਿਆ ਰੀਸ –

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਪਿੰਡ ਦੇ ਲੋਕਾਂ ਦਾ ਕਹਿਣਾ

ਪਿੰਡ ਦੀ ਸਰਪੰਚ ਬਲਵਿੰਦਰ ਕੌਰ ਅਤੇ ਦਲਿਤ ਵਰਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਉਹਨਾਂ ਦੀ ਸ਼ਮਸ਼ਾਨਘਾਟ ਹੱਡਾਰੋੜੀ ਨੇੜੇ ਹੈ। ਉੱਥੇ ਬਦਬੂ ਆਉਂਦੀ ਰਹਿੰਦੀ ਹੈ।  ਇਸ ਤੋਂ ਇਲਾਵਾ ਖੂੰਖਾਰ ਕੁੱਤਿਆਂ ਦੇ ਵੱਢਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਰਕੇ ਉਹ ਇੱਥੇ ਸਸਕਾਰ ਕਰਨ ਆਏ ਹਨ, ਪਰ ਉੱਥੇ ਲੋਕਾਂ ਨੇ ਉਨ੍ਹਾਂ ਨੂੰ ਸਸਕਾਰ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਸ਼ਮਸ਼ਾਨਘਾਟ ’ਚ ਜਾ ਕੇ ਸਸਕਾਰ ਕਰਨ।  ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤਾਂ ਤਨਾਆ ਵਾਲੀ ਸਥਿਤੀ ਬਣ ਗਈ। ਸੂਚਨਾ ਮਿਲਣ ਤੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਡੀਐੱਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਤੇ ਐੱਸਐੱਚਓ ਘੁਮਾਣ ਬਿਕਰਮਜੀਤ ਸਿੰਘ ਪੁਲਿਸ ਫੋਰਸ ਨਾਲ ਪਿੰਡ ਪੁੱਜ ਗਏ। ਪੁਲਿਸ ਤੇ ਸਿਵਲ ਅਧਿਕਾਰੀਆਂ ਦੀ ਕਾਫ਼ੀ ਜੱਦੋਜਹਿਦ ਬਾਅਦ ਲਾਸ਼ ਦਾ ਸਸਕਾਰ ਹੋ ਸਕਿਆ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਮੌਤ ਬਾਅਦ ਪਈ ਨਵੀਂ ਪਿਰਤ —

ਦਲਿਤ ਔਰਤ ਮੌਤ ਤੋਂ ਬਾਅਦ ,ਦੋ ਸ਼ਮਸ਼ਾਨ ਘਾਟਾਂ ਵਾਲੇ ਪਿੰਡ ਦੇ ਲੋਕਾਂ ਨੂੰ ਇੱਕ ਕਰ ਗਈ। ਲਾਸ਼ ਦਾ ਸਸਕਾਰ ਰੋਕਣ ਤੇ ਕਾਨੂੰਨੀ ਕਾਰਵਾਈ ਦਾ ਡਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ਬਾਅਦ ਪਿੰਡ ’ਚ ਇਸ ਗੱਲ ’ਤੇ ਸਹਿਮਤੀ ਬਣ ਗਈ ਕਿ ਹੁਣ ਪਿੰਡ ’ਚ ਇਕ ਹੀ ਸ਼ਮਸ਼ਾਨਘਾਟ ਹੋਵੇਗਾ।

 

ਹੁਣ ਪਿੰਡ ’ਚ ਹੋਵੇਗਾ ਇਕ ਹੀ ਸ਼ਮਸ਼ਾਨਘਾਟ

ਡੀਐੱਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਦੋਹਾਂ ਧਿਰਾਂ ਦੀ ਸਹਿਮਤੀ ਮਗਰੋਂ ਲਾਸ਼ ਦਾ ਸਸਕਾਰ ਕਰ ਦਿੱਤਾ । ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ’ਚ ਇਸ ਗੱਲ ’ਤੇ ਸਹਿਮਤੀ ਬਣ ਗਈ ਹੈ ਕਿ ਹੁਣ ਪਿੰਡ ’ਚ ਇਕ ਹੀ ਸ਼ਮਸ਼ਾਨਘਾਟ ਹੋਵੇਗਾ, ਜੋ ਪਿੰਡ ਤੋਂ ਬਾਹਰ ਹੋਵੇਗਾ। ਦੂਜੇ ਸ਼ਮਸ਼ਾਨਘਾਟ ਨੂੰ ਪਾਰਕ ’ਚ ਬਦਲਿਆ ਜਾਵੇਗਾ। ਡੀਐੱਸਪੀ ਨੇ ਕਿਹਾ ਕਿ ਸਾਡੇ ਗੁਰੂਆਂ, ਪੀਰਾਂ ਫ਼ਕੀਰਾਂ ਨੇ ਸਾਨੂੰ ਰਲ-ਮਿਲ ਕੇ ਇਕ-ਮਿਕ ਹੋ ਕੇ ਚੱਲਣ ਦਾ ਸੁਨੇਹਾ ਦਿੱਤਾ ਹੈ, ਪਰ ਅੱਜ ਵੀ ਲੋਕ  ਜਾਤ-ਪਾਤ ਦੀ ਮਾਨਸਿਕਤਾ ਵਿਚ ਫਸੇ ਹੋਏ ਹਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਚੇਤੇ ਰਹੇ ਕਿ ਸਾਬਕਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਵਿਚ ਪਿੰਡ ਵਿਚ ਇਕ ਸਮਸ਼ਾਨਘਾਟ ਬਣਾਉਣ ਵਾਲੀ ਪੰਚਾਇਤ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾੰਟ ਦੇਣ ਦਾ ਐਲਾਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਜਾਤੀਵਾਦ ਵਿਚੋ ਨਿਕਲਣ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਕ ਖੰਡੇ ਬਾਟੇ ਵਿਚੋ ਸਭਨੂੰ ਅੰਮ੍ਰਿਤ ਛਕਾਇਆ ਸੀ, ਪਰ ਅਜਿਹੀਆ ਕਾਰਵਾਈਆ ਹੁਣ ਵੀ ਲੋਕਾਂ ਦੇ ਗੁਰਬਾਣੀ ਤੇ ਗੁਰੂ ਦੇ ਸਿਧਾਂਤ ਤੋਂ ਉਲਟ ਚੱਲਣ ਦੀ ਗਵਾਹੀ ਭਰਦੀਆ ਹਨ।

Leave a Reply

Your email address will not be published. Required fields are marked *