ਨਵੀਂ ਦਿੱਲੀ, 18 ਅਪ੍ਰੈਲ (ਖਬਰ ਖਾਸ ਬਿਊਰੋ)
ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀਐੱਸ.ਠਾਕੁਰ ਨੇ ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਸਾਬਕਾ ਮੁਖੀ ਏਐੱਸ ਦੁੱਲਤ ਦੀ ਕਿਤਾਬ ਵਿਚ ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਸਬੰਧੀ ਕੁਝ ਅੰਸ਼ਾਂ ਬਾਰੇ ਪੈਦਾ ਹੋਏ ਸਿਆਸੀ ਵਿਵਾਦ ਦੇ ਹਵਾਲੇ ਨਾਲ ਕਿਤਾਬ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ (ਸੇਵਾਮੁਕਤ) ਠਾਕੁਰ ਵੱਲੋਂ ਦੁੱਲਤ ਦੀ ਕਿਤਾਬ ‘ਦਿ ਚੀਫ਼ ਮਨਿਸਟਰ ਐਂਡ ਦਿ ਸਪਾਈ’ ਅੱਜ (ਸ਼ੁੱੱਕਰਵਾਰ ਨੂੰ) ਰਿਲੀਜ਼ ਕੀਤੀ ਜਾਣੀ ਸੀ। ਸਾਬਕਾ ਚੀਫ ਜਸਟਿਸ ਦੇ ਇਨਕਾਰ ਤੋਂ ਇਕ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਤੇ ਸੀਨੀਅਰ ਆਗੂ ਫ਼ਾਰੂਕ ਅਬਦੁੱਲਾ ਪੁਸਤਕ ਦੀ ਰਿਲੀਜ਼ ਲਈ ਰੱਖੇ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ। ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਦੁੱਲਤ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਧਾਰਾ 370 ਹਟਾਉਣ ਦਾ ‘ਨਿੱਜੀ ਤੌਰ ’ਤੇ ਸਮਰਥਨ’ ਕੀਤਾ ਸੀ। ਅਬਦੁੱਲਾ ਨੇ ਦੋਸ਼ ਲਗਾਇਆ ਕਿ ਦੁੱਲਤ ਆਪਣੀ ਆਉਣ ਵਾਲੀ ਕਿਤਾਬ ਦੇ ਪ੍ਰਚਾਰ ਲਈ ‘ਸਸਤੀ ਸ਼ੌਹਰਤ’ ਦਾ ਸਹਾਰਾ ਲੈ ਰਹੇ ਹਨ।
ਦੁੱਲਤ ਦੇ ਸੱਦੇ ਦੇ ਜਵਾਬ ਵਿੱਚ, ਜਸਟਿਸ (ਸੇਵਾਮੁਕਤ) ਠਾਕੁਰ ਨੇ ਕਿਹਾ, ‘‘ਜਦੋਂ ਕਿ ਮੈਂ ਰਿਲੀਜ਼ ਸਮਾਗਮ ਵਿੱਚ ਹਿੱਸਾ ਲੈਣ ਲਈ ਤੁਹਾਡਾ ਪਿਆਰ ਭਰਿਆ ਸੱਦਾ ਸਵੀਕਾਰ ਕਰ ਲਿਆ ਸੀ, ਮੈਂ ਤੁਹਾਡੀ ਕਿਤਾਬ ਵਿਚ ਖਾਸ ਕਰਕੇ ਉਨ੍ਹਾਂ ਹਿੱਸਿਆਂ ਬਾਰੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਸਿਆਸੀ ਤੂਫਾਨ ਉੱਠਦਾ ਦੇਖਿਆ ਹੈ, ਜਿਨ੍ਹਾਂ ਵਿਚ (ਫਾਰੂਕ) ਅਬਦੁੱਲਾ ਦਾ ਜ਼ਿਕਰ ਹੈ। ਤੁਸੀਂ ਅਬਦੁੱਲਾ ਦੀ ਤਾਰੀਫ਼ ਕਰਦੇ ਹੋ ਤੇ ਇਕ ਮੁੱਲਵਾਨ ਦੋਸਤ ਮੰਨਦੇ ਹੋ।’’
ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੇ ਵੀ ਆਪਣੇ ਹਵਾਲੇ ਨਾਲ ਦਿੱਤੇ ਗਏ ਬਿਆਨਾਂ ਨੂੰ ਜਨਤਕ ਤੌਰ ’ਤੇ ‘ਅਸਵੀਕਾਰ’ ਕੀਤਾ ਹੈ।
ਜਸਟਿਸ ਠਾਕੁਰ (ਸੇਵਾਮੁਕਤ) ਨੇ ਕਿਹਾ, ‘‘(ਉਮੀਦ ਹੈ ਕਿ) ਇਨ੍ਹਾਂ ਹਾਲਾਤਾਂ ਵਿੱਚ ਤੁਸੀਂ ਕਿਰਪਾ ਕਰਕੇ ਸਮਝੋਗੇ ਕਿ ਇਹ ਵਿਵਾਦ ਅਤੇ ਇਸ ਦੇ ਸਿਆਸੀ ਪਹਿਲੂ ਮੇਰੇ ਲਈ ਸ਼ਰਮਿੰਦਗੀ ਦਾ ਕਾਰਨ ਬਣਨਗੇ। ਮੈਂ ਇਸ ਤੋਂ ਬਚਣਾ ਚਾਹੁੰਦਾ ਹਾਂ ਨਾ ਸਿਰਫ਼ ਅਬਦੁੱਲਾ ਪਰਿਵਾਰ ਨਾਲ ਮੇਰੇ ਲੰਮੇ ਅਤੇ ਸੁਹਿਰਦ ਸਬੰਧਾਂ ਕਰਕੇ, ਸਗੋਂ ਇਸ ਲਈ ਵੀ ਕਿ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਵਿਅਕਤੀ ਹੋਣ ਦੇ ਨਾਤੇ, ਮੈਂ ਕਿਸੇ ਅਜਿਹੀ ਕਿਤਾਬ ਦਾ ਪ੍ਰਚਾਰ ਜਾਂ ਸਮਰਥਨ ਕਰਦੇ ਹੋਏ ਨਹੀਂ ਦੇਖਣਾ ਚਾਹਾਂਗਾ ਜਿਸ ਨੂੰ ਉਸੇ ਵਿਅਕਤੀ ਦੁਆਰਾ ਰੱਦ ਕੀਤਾ ਜਾ ਰਿਹਾ ਹੈ ਜਿਸ ਬਾਰੇ ਕਿਤਾਬ ਲਿਖੀ ਗਈ ਹੈ।’’
ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਇਸ ਤੋਂ ਇਲਾਵਾ, ਫਾਰੂਕ ਅਬਦੁੱਲਾ ਨੂੰ ਵੀ ਕਿਤਾਬ ’ਤੇ ਚਰਚਾ ਕਰਨ ਲਈ ਪੱਤਰਕਾਰ ਵੀਰ ਸੰਘਵੀ ਨਾਲ ਸਟੇਜ ਸਾਂਝੀ ਕਰਨੀ ਚਾਹੀਦੀ ਸੀ, ਪਰ ਸ਼ਾਇਦ ਉਹ ਹੁਣ ਅਜਿਹਾ ਨਹੀਂ ਕਰਨਗੇ। ਉਨ੍ਹਾਂ ਕਿਹਾ, ‘‘ਮੈਂ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਰਿਲੀਜ਼ ਦੀ ਪੂਰਬਲੀ ਸੰਧਿਆ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਮੇਰਾ ਇਨਕਾਰ ਤੁਹਾਡੇ ਲਈ ਅਸੁਵਿਧਾ ਦਾ ਕਾਰਨ ਬਣੇਗਾ ਅਤੇ ਤੁਹਾਨੂੰ ਕਿਸੇ ਹੋਰ ਦੀ ਭਾਲ ਕਰਨੀ ਪਵੇਗੀ ਪਰ ਮੈਂ ਜਿਸ ਸਥਿਤੀ ਵਿੱਚ ਹਾਂ, ਉਸ ਨੂੰ ਦੇਖਦੇ ਹੋਏ, ਤੁਸੀਂ ਮੈਨੂੰ ਇਸ ਅਸੁਵਿਧਾ ਲਈ ਮਾਫ਼ ਕਰੋਗੇ।’’ -ਪੀਟੀਆਈ