ਚੰਡੀਗੜ੍ਹ, 14 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਜਾਣਕਾਰੀ ਅਨੁਸਾਰ ਮੋਹਾਲੀ ਦੇ ਸਟੇਟ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਉਨ੍ਹਾਂ ਨੂੰ ਅੱਜ 12 ਵਜੇ ਪੁੱਛਗਿੱਛ ਲਈ ਬੁਲਾਇਆ ਹੈ ਅਤੇ ਸਮਨ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ। ਹਾਲਾਂਕਿ ਸਮਨ ਭੇਜਣ ਸਮੇਂ ਬਾਜਵਾ ਘਰ ‘ਤੇ ਮੌਜੂਦ ਨਹੀਂ ਸਨ।
ਪਿਛਲੇ ਦਿਨੀ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਬਾਜਵਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 50 ਗ੍ਰੇਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਵਰਤੇ ਜਾ ਚੁੱਕੇ ਹਨ ਅਤੇ ਬਾਕੀ 32 ਪੰਜਾਬ ਵਿਚ ਮੌਜੂਦ ਹਨ। ਇਸ ਦਾਅਵੇ ਤੋਂ ਬਾਅਦ ਆਪ ਸਰਕਾਰ ਨੇ ਉਨ੍ਹਾਂ ਤੋਂ ਸਰੋਤਾਂ ਬਾਰੇ ਪੁੱਛਿਆ ਸੀ। ਇਸ ਸਬੰਧ ਵਿੱਚ ਏਐਆਈਜੀ ਕਾਉਂਟਰ ਇੰਟੈਲੀਜੈਂਸ ਰਵਜੋਤ ਗਰੇਵਾਲ ਉਨ੍ਹਾਂ ਦੇ ਘਰ ਪੁੱਛਗਿਛ ਲਈ ਪਹੁੰਚੇ ਸਨ ਅਤੇ ਇਹ ਕਿਹਾ ਕਿ ਬਾਜਵਾ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਬਾਜਵਾ ਦੇ ਸਮਰਥਨ ਵਿੱਚ ਉਤਰ ਆਏ ਹਨ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਲਾਰੈਂਸ ਬਿਸਨੋਈ ਦਾ ਲਾਈਵ ਇੰਟਰਵਿਊ ਜੇਲ ਵਿੱਚੋਂ ਕਿਵੇਂ ਕੀਤਾ ਗਿਆ ਸੀ ਅਤੇ ਕੀ ਉਸ ਚੈਨਲ ਦੇ ਐਂਕਰ ਤੋਂ ਸਰੋਤ ਪੁੱਛੇ ਗਏ ਸਨ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਨਿਆਂਪਾਲਿਕ ਪ੍ਰਕਿਰਿਆ ਰਾਹੀਂ ਲੜਾਈ ਜਾਰੀ ਰੱਖਣਗੇ।