ਡੇਰਾਬੱਸੀ 12 ਅਪ੍ਰੈਲ (ਖ਼ਬਰ ਖਾਸ ਬਿਊਰੋ)
ਡੇਰਾਬੱਸੀ ਹਸਪਤਾਲ ‘ਚ ਦੋ ਧਿਰਾਂ ‘ਚ ਹੋਈ ਲੜਾਈ ਮਾਮਲੇ ’ਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ‘ਤੇ ਪਰਚਾ ਦਰਜ ਕੀਤਾ ਜਾਵੇਗਾ। ਕਿਸੇ ਨੂੰ ਵੀ ਇਜਾਜ਼ਤ ਨਹੀਂ ਕੀ ਹਸਪਤਾਲ ’ਚ ਆ ਕੇ ਕਿਸੇ ਨੂੰ ਡਰਾਏ ਧਮਕਾਏ। ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਤੁਸੀ ਹਸਪਤਾਲ ’ਚ ਇਲਾਜ ਲਈ ਆਉ ਅਸੀਂ ਤੁਹਾਡਾ ਦੁੱਖ ਵੰਡਾਂਗੇ ।
ਦੱਸ ਦੇਈਏ ਕਿ ਡੇਰਾਬੱਸੀ ਖੇਤਰ ਦੇ ਪਿੰਡ ਮੁਕੰਦਪੁਰ ਦੇ ਵਿਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪਿੰਡ ਦੇ ਕੁਝ ਲੋਕਾਂ ਵਲੋਂ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਦੇਰ ਸ਼ਾਮ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵਿਰੋਧ ਕਰਨ ਵਾਲਿਆਂ ’ਤੇ ਹਮਲਾ ਕਰ ਦਿਤਾ ਸੀ। ਘਟਨਾ ਤੋਂ ਬਾਅਦ ਪਿੰਡ ’ਚ ਤਨਾਵ ਪੂਰਨ ਮਾਹੌਲ ਬਣ ਗਿਆ ਅਤੇ ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਹਮਲੇ ’ਚ ਜ਼ਖ਼ਮੀ ਹੋਏ ਤਿੰਨ ਚਾਰ ਲੋਕਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਮਾਈਨਿੰਗ ਕਰਨ ਵਾਲੀ ਧਿਰ ਨੇ ਦੇਰ ਰਾਤ ਹਸਪਤਾਲ ਵਿਚ ਭਰਤੀ ਜ਼ਖ਼ਮੀਆਂ ’ਤੇ ਹਮਲਾ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਪੁਲਿਸ ਕਰਮਚਾਰੀ ਵੀ ਤੈਨਾਤ ਸਨ। ਬਾਵਜੂਦ ਇਸ ਦੇ ਕਾਨੂੰਨ ਵਿਵਸਥਾ ਦੇ ਨਾਲ ਨੰਗਾ ਨਾਚ ਹਸਪਤਾਲ ’ਚ ਖੇਡਿਆ ਗਿਆ।