ਲਾਲੜੂ, 12 ਅਪ੍ਰੈਲ (ਖ਼ਬਰ ਖਾਸ ਬਿਊਰੋ)
ਡੇਰਾਬੱਸੀ ਇਮੀਗਰੇਸ਼ਨ ਸੈਂਟਰ ਤੋਂ ਫਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਗਰੋਹ ਦੇ ਦੋ ਮੈਂਬਰਾਂ ਦਾ ਅੱਜ ਲਾਲੜੂ ਨੇੜੇ ਪੁਲੀਸ ਨਾਲ ਮੁਕਾਬਲਾ ਹੋਇਆ ਤੇ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਅਤੇ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਐਸਪੀ ਦਿਹਾਤੀ ਮੁਹਾਲੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ 8 ਅਪਰੈਲ ਨੂੰ ਡੇਰਾਬਸੀ ਕਾਲਜ ਰੋਡ ’ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਲਿਖਤੀ ਪੱਤਰ ਸੁੱਟ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਨਾ ਦੇਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਵੀ ਉਕਤ ਇਮੀਗਰੇਸ਼ਨ ਸੈਂਟਰ ਵਿਚ ਗੋਲੀਬਾਰੀ ਹੋ ਚੁੱਕੀ ਹੈ ਅਤੇ ਉਸ ਵੇਲੇ ਵੀ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਦਕਿ ਉਹ ਮੁਲਜ਼ਮ ਪੁਲੀਸ ਨੇ ਗ੍ਰਿਫਤਾਰ ਕਰ ਲਏ ਸਨ ਜੋ ਇਸ ਸਮੇਂ ਤਿਹਾੜ ਜੇਲ੍ਹ ਦਿੱਲੀ ਵਿੱਚ ਨਜ਼ਰਬੰਦ ਹਨ। ਅੱਜ ਲਾਲੜੂ ਨੇੜੇ ਐਸਐਚਓ ਲਾਲੜੂ ਆਕਾਸ਼ ਸ਼ਰਮਾ, ਐਸਐਚਓ ਹੰਡੇਸਰਾ ਰਣਬੀਰ ਸਿੰਘ, ਚੌਕੀ ਇੰਚਾਰਜ ਨਾਹਰ ਅਜੇ ਕੁਮਾਰ ਸ਼ਰਮਾ ਸਮੇਤ ਪੁਲੀਸ ਪਾਰਟੀ ਨੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਰਵੀ ਨਰਾਇਣਗੜ੍ਹੀਆ ਤੇ ਦੀਪਕ ਕੁਮਾਰ ਦਾ ਪਿੱਛਾ ਕੀਤਾ ਜੋ ਰੇਲਵੇ ਲਾਈਨ ਹੇਠਾਂ ਬਣੇ ਅੰਡਰਪਾਥ ਨੂੰ ਪਾਰ ਕਰਕੇ ਖੇਤਾਂ ਵੱਲ ਚਲੇ ਗਏ , ਪਿੱਛੇ ਲੱਗੀ ਪੁਲੀਸ ’ਤੇ ਉਨ੍ਹਾਂ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿਚ ਗੈਂਗਸਟਰ ਜ਼ਖਮੀ ਹੋ ਗਏ। ਕਾਬੂ ਕੀਤੇ ਗੈਂਗਸਟਰ ਅਮਰੀਕਾ ਆਧਾਰਿਤ ਗੈਂਗਸਟਰ ਨੈਟਵਰਕ ਲਈ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦਾ ਪਿਛੋਕੜ ਵੀ ਅਪਰਾਧਿਕ ਹੈ।