ਵਿਨੀਪੈੱਗ , 12 ਅਪਰੈਲ (ਖ਼ਬਰ ਖਾਸ ਬਿਊਰੋ)
ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ ਸਿਟੀ ਹਾਲ ਵਿਨੀਪੈੱਗ ਵਿਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਨਿਸ਼ਾਨ ਸਾਹਿਬ ਝੁਲਾਏ ਗਏ। ਸਿਟੀ ਕੌਂਸਲਰ ਤੇ ਸਪੀਕਰ ਦੇਵੀ ਸ਼ਰਮਾ ਨੇ ਮੰਚ ਤੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਵਿਨੀਪੈੱਗ ਸਿਟੀ ਵੱਲੋਂ ਹਰ ਸਾਲ ਵਿਸਾਖੀ ਦੇ ਮੌਕੇ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ ਅਤੇ ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਵਿਨੀਪੈੱਗ ਦੇ ਮਸ਼ਹੂਰ ਰੈੱਡ ਰਿਵਰ ਕਾਲਜ ਵਿਚ ਇੰਡੀਅਨ ਕਲਚਰ ਕਲੱਬ ਦੇ ਸਹਿਯੋਗ ਨਾਲ ਰੈੱਡ ਰਿਵਰ ਕਾਲਜ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੱਗ ਦੇ ਸਨਮਾਨ ਵਜੋਂ ਸਾਲਾਨਾ ‘ਟਰਬਨਪ੍ਰਾਈਡ ਡੇ’ ਆਯੋਜਿਤ ਕੀਤਾ ਗਿਆ। ਇਸ ਆਯੋਜਨ ਦਾ ਟੀਚਾ ਲੋਕਾਂ ਨੂੰ ਪੱਗ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ।