ਨਵੀਂ ਦਿੱਲੀ, 12 ਅਪਰੈਲ (ਖ਼ਬਰ ਖਾਸ ਬਿਊਰੋ)
26/11 ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ, ਜਿਸ ਨੂੰ ਇਸ ਹਫ਼ਤੇ ਭਾਰਤ ਹਵਾਲੇ ਕੀਤਾ ਗਿਆ ਸੀ, ਨੂੰ ਦਿੱਲੀ ਦੀ ਇਕ ਅਦਾਲਤ ਵਲੋਂ ਅਤਿਵਾਦ ਵਿਰੋਧੀ ਏਜੰਸੀ ਨੂੰ 18 ਦਿਨਾਂ ਦੀ ਹਿਰਾਸਤ ਦੇਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੈੱਡਕੁਆਰਟਰ ਦੇ ਅੰਦਰ ਇਕ ਬਹੁਤ ਹੀ ਸੁਰੱਖਿਅਤ ਸੈੱਲ ’ਚ ‘ਖ਼ੁਦਕੁਸ਼ੀ ਨਿਗਰਾਨੀ’ ’ਤੇ ਰਖਿਆ ਗਿਆ ਹੈ।
64 ਸਾਲਾ ਰਾਣਾ ਤੋਂ ‘ਸਾਜ਼ਿਸ਼ ਦੀਆਂ ਡੂੰਘੀਆਂ ਪਰਤਾਂ’ ਨੂੰ ਖੋਲ੍ਹਣ ਲਈ ਡੂੰਘਾਈ ਨਾਲ ਪੁਛਗਿਛ ਕੀਤੀ ਗਈ ਕਿਉਂਕਿ ਐਨਆਈਏ ਨੇ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਉਹ ਇਸੇ ਤਰ੍ਹਾਂ ਦੇ ਵੱਡੇ ਪੱਧਰ ’ਤੇ ਹਮਲਿਆਂ ਨਾਲ ਹੋਰ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਸੂਤਰਾਂ ਮੁਤਾਬਕ ਰਾਣਾ ਇਸ ਵੇਲੇ 24/7 ਮਨੁੱਖੀ ਨਿਗਰਾਨੀ ਹੇਠ ਹੈ ਅਤੇ ‘‘ਰਾਣਾ ਨੂੰ ਜ਼ਮੀਨੀ ਮੰਜ਼ਿਲ ’ਤੇ 14×14 ਦੀ ਕੋਠੜੀ ਵਿੱਚ ਰੱਖਿਆ ਗਿਆ ਹੈ। ਉਸਨੂੰ ਸਿਰਫ਼ ਸਾਫ਼ਟ-ਟਿਪ ਪੈਨ ਨਾਲ ਲਿਖਣ ਦੀ ਇਜਾਜ਼ਤ ਦਿਤੀ ਗਈ ਹੈ ਤਾਂ ਜੋ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਸਕੇ।’’
ਲੋਧੀ ਰੋਡ ’ਤੇ ਐਨਆਈਏ ਹੈੱਡਕੁਆਰਟਰ ਦੇ ਨੇੜੇ ਬਹੁ-ਪਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿੱਥੇ ਰਾਣਾ ਇਸ ਸਮੇਂ ਬੰਦ ਹੈ। ਜਾਂਚ ਏਜੰਸੀ ਵੱਲੋਂ ਰਾਣਾ ਤੋਂ ਪੁਛਗਿਛ ਭਾਰਤ ਵਿੱਚ ਸਲੀਪਰ ਸੈੱਲਾਂ ਨਾਲ ਉਸਦੀ ਸ਼ਮੂਲੀਅਤ ’ਤੇ ਕੇਂਦ੍ਰਿਤ ਹੋਣ ਦੀ ਉਮੀਦ ਹੈ, ਇਸ ਤੋਂ ਇਲਾਵਾ ਆਈਐਸਆਈ ਨਾਲ ਉਸਦੇ ਸਬੰਧਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ, ਖ਼ਾਸ ਕਰਕੇ ਉਸਦੇ ਸਾਥੀ ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਨਾਲ ਜੁੜੇ ਸਬੰਧਾਂ ’ਤੇ। ਸੂਤਰਾਂ ਨੇ ਦੱਸਿਆ ਕਿ ਹੈਡਲੀ ’ਤੇ ਰਾਜਸਥਾਨ ਦੇ ਪੁਸ਼ਕਰ, ਦਿੱਲੀ, ਗੋਆ ਅਤੇ ਦੇਸ਼ ਭਰ ਦੇ ਹੋਰ ਸਥਾਨਾਂ ’ਤੇ ਸਲੀਪਰ ਸੈੱਲਾਂ ਦੀ ਭਰਤੀ ਕਰਨ ਦਾ ਸ਼ੱਕ ਹੈ।